ਵੀਕੇ ਸ਼ੁਕਲਾ, ਨਵੀਂ ਦਿੱਲੀ : ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਅਸੀਂ ਦਿੱਲੀ ਵਾਲਿਆਂ ਲਈ ਆਕਸੀਜਨ ਕੰਸਨਟ੍ਰੇਟਰ ਬੈਂਕ ਸ਼ੁਰੂ ਕਰਨ ਜਾ ਰਹੇ ਹਨ। ਇਸਦੇ ਰਾਹੀਂ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਜ਼ਰੂਰਤ ਪੈਣ ’ਤੇ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਦਿੱਲੀ ਦੇ ਹਰੇਕ ਜ਼ਿਲ੍ਹੇ ’ਚ 200 ਆਕਸੀਜਨ ਕੰਸਨਟ੍ਰੇਟਰ ਬੈਂਕ ਬਣਾਏ ਜਾਣਗੇ। ਜ਼ਰੂਰਤ ਪੈਣ ’ਤੇ ਇਹ ਆਕਸੀਜਨ ਕੰਸਨਟ੍ਰੇਟਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਮੁਹੱਈਆ ਕਰਵਾਏ ਜਾਣਗੇ, ਜਿਹੜੇ ਮਰੀਜ਼ਾਂ ਨੂੰ ਇਸਦੀ ਜ਼ਰੂਰਤ ਹੈ।

ਉਥੇ ਹੀ ਰਾਜਧਾਨੀ ਦਿੱਲੀ ’ਚ ਲਗਾਤਾਰ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਦਿੱਲੀ ’ਚ ਪਿਛਲੇ 24 ਘੰਟਿਆਂ ਦੌਰਾਨ ਸਿਰਫ਼ 6500 ਕੋਰੋਨਾ ਵਾਇਰਸ ਸੰਕ੍ਰਮਣ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਸੰਕ੍ਰਮਣ ਦਰ ਘਟ ਕੇ 11 ਫ਼ੀਸਦੀ ’ਤੇ ਆ ਗਈ ਹੈ। ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਡਿਜੀਟਲ ਪੱਤਰਕਾਰ ਵਾਰਤਾ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਗਾਮੀ 15 ਦਿਨਾਂ ਦੌਰਾਨ 1000 ਆਈਸੀਯੂ ਬੈੱਡ ਬਣਾਏ ਜਾਣਗੇ। ਸਾਡੇ ਡਾਕਟਰਾਂ ਅਤੇ ਇੰਜੀਨੀਅਰ ਅਜਿਹਾ ਕਰਕੇ ਇਕ ਉਦਾਹਰਨ ਪੇਸ਼ ਕਰ ਰਹੇ ਹਨ।

ਆਕਸੀਜਨ ਦੀ ਕਮੀ ’ਤੇ ਕੇਂਦਰ ਨੇ ਕੀਤੀ ਮਦਦ

ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਇਕ ਸਵਾਲ ਦੇ ਜਵਾਬ ’ਚ ਕਹਿ ਚੁੱਕੇ ਹਨ ਕਿ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ। ਇਕ ਪਾਸੇ ਲੋਕ ਮਰ ਰਹੇ ਹਨ, ਲੋਕ ਬਹੁਤ ਦੁਖੀ ਤੇ ਪਰੇਸ਼ਾਨ ਹਨ। ਇਸ ਲਈ ਸਾਨੂੰ ਇਸ ਸਮੇਂ ਸਿਆਸਤ ਨਹੀਂ ਕਰਨੀ ਚਾਹੀਦੀ। ਦਿੱਲੀ ’ਚ ਆਕਸੀਜਨ ਦੀ ਕਮੀ ਸੀ ਅਤੇ ਉਸ ’ਚ ਸੁਪਰੀਮ ਕੋਰਟ, ਹਾਈ ਕੋਰਟ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਸਾਡੀ ਮਦਦ ਕੀਤੀ। ਅਸੀਂ ਉਨ੍ਹਾਂ ਦੀ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਹੁਣ ਸਾਰਿਆਂ ਨੂੰ ਮਿਲ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜਲਦ ਤੋਂ ਜਲਦ ਵੈਕਸੀਨ ਦੀ ਵਿਵਸਥਾ ਕਰੀਏ, ਤਾਂਕਿ ਲੋਕਾਂ ਨੂੰ ਵੈਕਸੀਨ ਲੱਗ ਸਕੇ।

Posted By: Ramanjit Kaur