ਨਈ ਦੁਨੀਆ, ਨਵੀਂ ਦਿੱਲੀ : ਦੁਨੀਆ 'ਚ ਕੋਰੋਨਾ ਦੇ ਕਈ ਨਵੇਂ ਵੇਰੀਐਂਟਸ ਪਾਏ ਗਏ ਹਨ ਜਿਹੜੇ ਜ਼ਿਆਦਾ ਇਨਫੈਕਟਿਡ ਸਾਬਿਤ ਹੋ ਰਹੇ ਹਨ। ਅਜਿਹੇ ਵਿਚ ਇਹ ਬਹਿਸ ਚੱਲ ਰਹੀ ਹੈ ਕਿ ਕੀ ਪਹਿਲਾਂ ਵੱਡੀ ਗਿਣਤੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾਵੇ ਤੇ ਦੂਸਰੇ ਵਿਚ ਦੇਰ ਕੀਤੀ ਜਾਵੇ ਜਾਂ ਦੋਵੇਂ ਖੁਰਾਕਾਂ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ? ਵੈਕੀਸਨ ਸਬੰਧੀ ਕੀਤੇ ਗਏ ਕਲੀਨਿਕਲ ਟ੍ਰਾਇਲ 'ਚ ਵੈਕਸੀਨ ਦੀਆਂ ਦੋਵੇਂ ਡੋਜ਼ ਵਿਚਕਾਰ ਚਾਰ ਹਫ਼ਤੇ ਦਾ ਵਕਫ਼ਾ ਰੱਖਣ ਦੀ ਸਲਾਹ ਦਿੱਤੀ ਗਈ ਸੀ।

ਇਸੇ ਸਿਲਸਿਲੇ 'ਚ ਕੈਨੇਡਾ ਦੀ ਯਾਰਕ ਯੂਨੀਵਰਸਿਟੀ ਦੇ ਖੋਜੀਆਂ ਨੇ ਅਧਿਐਨ 'ਚ ਪਾਇਆ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਦੂਸਰੀ ਵਿਚ ਨੌਂ ਤੋਂ 15 ਹਫ਼ਤੇ ਦੀ ਦੇਰ ਕਰਨ ਨਾਲ ਇਨਫੈਕਸ਼ਨ, ਹਸਪਤਾਲ 'ਚ ਦਾਖ਼ਲ ਕਰਨ ਅਤੇ ਮੌਤ ਦਾ ਖ਼ਤਰਾ ਘਟ ਸਕਦਾ ਹੈ। ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ 'ਚ ਟੀਕਾਕਰਨ ਸਬੰਧੀ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਕਹਿਣਾ ਹੈ ਕਿ ਵਿਆਪਕ ਟੀਕਾਕਰਨ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਕੋਰੋਨਾ ਖ਼ਿਲਾਫ਼ ਮੌਜੂਦ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਦੂਸਰੀ ਖ਼ੁਰਾਕ ਲੈਣ ਵਿਚ ਦੇਰ ਕਰਨ ਨਾਲ ਇਨਫੈਕਸ਼ਨ ਦਾ ਖ਼ਤਰਾ ਘਟ ਸਕਦਾ ਹੈ। ਵੈਕਸੀਨ ਦੀ ਦੂਸਰੀ ਡੋਜ਼ 'ਚ ਇੰਤਜ਼ਾਰ ਕਰਨਾ ਲੋਕਾਂ ਦੀ ਸਿਹਤ ਦੇ ਲਿਹਾਜ਼ ਪੱਖੋਂ ਅਸਰਦਾਰ ਤਰੀਕਾ ਹੋ ਸਕਦਾ ਹੈ।

ਅਧਿਐਨ ਦੇ ਪ੍ਰਮੁੱਖ ਖੋਜੀ ਸੈਯਡ ਮੋਗਦਾਸ ਨੇ ਕਿਹਾ, 'ਸਾਡੇ ਅਧਿਐਨ ਦੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਮਹਾਮਾਰੀ ਦੇ ਉਲਟ ਨਤੀਜਿਆਂ ਨੂੰ ਘਟਾਉਣ ਲਈ ਵੈਕਸੀਨ ਦੀ ਪਹਿਲੀ ਡੋਜ਼ ਦੀ ਵੱਡੇ ਪੱਧਰ 'ਤੇ ਵੰਡ ਕਰਨਾ ਅਹਿਮ ਹੋਵੇਗਾ।' ਉਨ੍ਹਾਂ ਕਿਹਾ, 'ਅਜਿਹੇ ਵਿਚ ਜਦੋਂ ਨਵੇਂ ਤੇ ਜ਼ਿਆਦਾ ਇਨਫੈਕਟਿਡ ਵੇਰੀਐਂਟਸ ਤੇਜ਼ੀ ਨਾਲ ਫੈਲ ਰਹੇ ਹਨ ਤਾਂ ਸਾਡੇ ਕੋਲ ਵੈਕੀਸਨ ਦੇ ਅਸਰ ਨੂੰ ਲੈ ਕੇ ਫਿਲਹਾਲ ਤਸਵੀਰ ਸਾਫ਼ ਨਹੀਂ ਹੈ। ਵੈਕਸੀਨ ਦੀ ਦੂਸਰੀ ਖ਼ੁਰਾਕ ਦੇਰ ਨਾਲ ਲੈਣ ਸਬੰਧੀ ਫਿਲਹਾਲ ਹੋਰ ਅਧਿਐਨ ਦੀ ਜ਼ਰੂਰਤ ਹੈ।'

Posted By: Seema Anand