ਕੋਚੀ, ਪੀਟੀਆਈ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਕੋਚਿਨ ਸ਼ਿਪਯਾਰਡ ਲਿਮਟਿਡ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਉਥੇ ਨਿਰਮਾਣ ਅਧੀਨ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ (ਆਈਏਸੀ) ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦੀ ਸ਼ੁਰੂਆਤ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਢੁੱਕਵੀਂ ਸ਼ਰਧਾਂਜਲੀ ਹੋਵੇਗੀ। ਏਅਰਕ੍ਰਾਫਟ ਕੈਰੀਅਰ ਦੀ ਲੜਾਕੂ ਪਹੁੰਚ ਦੇਸ਼ ਦੀ ਰੱਖਿਆ ਵਿਚ ਜ਼ਬਰਦਸਤ ਸਮਰੱਥਾਵਾਂ ਨੂੰ ਜੋਡ਼ੇਗੀ ਅਤੇ ਸਮੁੰਦਰੀ ਖੇਤਰ ਵਿਚ ਭਾਰਤ ਦੇ ਹਿੱਤ ਨੂੰ ਸੁਰੱਖਿਅਤ ਕਰਨ ਵਿਚ ਸਹਾਇਤਾ ਕਰੇਗੀ।

ਆਈਏਸੀ ਦਾ ਨਾਮ ਬਦਲ ਕੇ ਆਈਐਨਐਸ ਵਿਕਰਾਂਤ ਰੱਖਿਆ ਜਾਵੇਗਾ। ਇਸ ਦੇ ਸਮੁੰਦਰੀ ਟਰਾਇਲ ਇਸ ਸਾਲ ਪੂਰੇ ਕੀਤੇ ਜਾਣਗੇ ਅਤੇ ਅਗਲੇ ਸਾਲ ਇਸ ਦੇ ਚਾਲੂ ਹੋਣ ਦੀ ਸੰਭਾਵਨਾ ਹੈ।

ਇਹ ਜਾਣਕਾਰੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੱਤੀ ਗਈ ਹੈ। ਆਪਣੀ ਪਹਿਲੀ ਯਾਤਰਾ 'ਤੇ ਰਾਜਨਾਥ ਵੀਰਵਾਰ ਸ਼ਾਮ ਨੂੰ ਦੱਖਣੀ ਨੌਸੈਨਾ ਕਮਾਂਡ ਪਹੁੰਚੇ। ਉਨ੍ਹਾਂ ਦੇ ਨਾਲ ਨੇਵੀ ਦੇ ਚੀਫ਼ ਐਡਮਿਰਲ ਕਰਮਬੀਰ ਸਿੰਘ ਵੀ ਸਨ। ਸਾਊਥਰੀ ਨੇਵਲ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਏਕੇ ਚਾਵਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਆਈਏਸੀ ਦੇ ਨਿਰਮਾਣ ਦੀ ਪ੍ਰਗਤੀ ਦੀ ਸਮੀਖਿਆ ਕਰਨ ਤੋਂ ਬਾਅਦ, ਕੇਂਦਰੀ ਮੰਤਰੀ ਦੱਖਣੀ ਨੇਵਲ ਕਮਾਂਡ ਦੀਆਂ ਕੁਝ ਮਹੱਤਵਪੂਰਨ ਸਿਖਲਾਈ ਅਦਾਰਿਆਂ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਨੂੰ ਚੱਲ ਰਹੀਆਂ ਮਹੱਤਵਪੂਰਣ ਸਿਖਲਾਈ ਅਤੇ ਸੰਚਾਲਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ।

ਰਿਲੀਜ਼ ਅਨੁਸਾਰ, "ਰੱਖਿਆ ਮੰਤਰੀ ਨੂੰ ਕੋਵਿਡ -19 Inovations ਅਤੇ ਭਾਰਤੀ ਜਲ ਸੈਨਾ ਦੇ ਸਵਦੇਸ਼ੀਕਰਨ ਦੇ ਯਤਨਾਂ ਦੇ ਨਾਲ ਨਾਲ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਨਾਗਰਿਕ ਪ੍ਰਸ਼ਾਸਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਵੀ ਦੱਸਿਆ ਜਾਵੇਗਾ।" ਇਸ ਤੋਂ ਬਾਅਦ ਉਹ ਸ਼ੁੱਕਰਵਾਰ ਸ਼ਾਮ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

Posted By: Sunil Thapa