ਨਵੀਂ ਦਿੱਲੀ (ਆਈਏਐੱਨਐੱਸ) : ਫ਼ੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ 2024 ਤਕ ਘਰੇਲੂ ਰੱਖਿਆ ਉਦਯੋਗ ਬਰਾਮਦ ਵੱਧ ਕੇ 35 ਹਜ਼ਾਰ ਕਰੋੜ ਦੀ ਹੋ ਜਾਵੇਗੀ। ਵਰਤਮਾਨ ਵਿਚ ਸਾਡਾ ਦੇਸ਼ ਸਾਲਾਨਾ 11 ਹਜ਼ਾਰ ਕਰੋੜ ਰੁਪਏ ਦੀ ਰੱਖਿਆ ਬਰਾਮਦ ਕਰ ਰਿਹਾ ਹੈ।

ਕੰਸਟੀਚਿਊਸ਼ਨ ਕਲੱਬ ਵਿਚ ਵਿਦੇਸ਼ੀ ਰੱਖਿਆ ਖੇਤਰ ਨਾਲ ਜੁੜੇ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਫ਼ੌਜ ਮੁਖੀ ਨੇ ਕਿਹਾ ਕਿ ਭਾਰਤ ਸਵਦੇਸ਼ੀ ਰੱਖਿਆ ਉਤਪਾਦਨ ਨੀਤੀ ਲਈ ਪ੍ਰਤੀਬੱਧ ਹੈ। ਇਸ ਮੀਟਿੰਗ ਵਿਚ ਨੌਸੈਨਾ ਪ੍ਰਮੁੱਖ ਐਡਮਿਰਲ ਕਰਮਬੀਰ ਸਿੰਘ ਵੀ ਮੌਜੂਦ ਸਨ। ਸਰਕਾਰੀ ਰੱਖਿਆ ਉਦਯੋਗਾਂ ਤੋਂ ਇਲਾਵਾ ਕਈ ਨਿੱਜੀ ਰੱਖਿਆ ਫਰਮਾਂ ਵੀ ਇਸ ਮੀਟਿੰਗ ਵਿਚ ਹਿੱਸਾ ਲੈ ਰਹੀਆਂ ਹਨ। ਲਗਪਗ 22 ਨਿੱਜੀ ਰੱਖਿਆ ਫਰਮਾਂ ਇਸ ਮੀਟਿੰਗ ਮੌਕੇ ਆਈਡੀਈਈਏ ਲਾਂਚ ਕਰਨ ਲਈ ਸਾਹਮਣੇ ਆਈਆਂ ਹਨ।

ਜਨਰਲ ਰਾਵਤ ਨੇ ਕਿਹਾ, ਅਸੀਂ ਤੁਹਾਨੂੰ ਭਰੋਸਾ ਦੇ ਰਹੇ ਹਾਂ ਕਿ ਨਾ ਸਿਰਫ਼ ਆਪਣੇ ਰੱਖਿਆ ਬਲਾਂ ਨੂੰ ਲੈਸ ਕਰਨ ਲਈ ਹਥਿਆਰ ਅਤੇ ਉਪਕਰਨ ਬਣਾ ਰਹੇ ਹਾਂ ਬਲਕਿ ਹੁਣ ਅਸੀਂ ਬਰਾਮਦਕਾਰ ਦੇ ਰੂਪ ਵਿਚ ਵੀ ਉਭਰ ਰਹੇ ਹਾਂ। ਵਰਤਮਾਨ ਵਿਚ ਸਾਡੀ ਰੱਖਿਆ ਬਰਾਮਦ ਸਾਲਾਨਾ 11 ਹਜ਼ਾਰ ਕਰੋੜ 'ਤੇ ਹੈ। 2024 ਤਕ ਇਸ ਅੰਕੜੇ ਨੂੰ ਲਗਪਗ 35 ਹਜ਼ਾਰ ਕਰੋੜ ਤਕ ਪਹੁੰਚਾਇਆ ਜਾਣਾ ਹੈ।

ਫ਼ੌਜ ਮੁਖੀ ਨੇ ਕਿਹਾ, ਅੱਜ ਦੀ ਅਨਿਸ਼ਚਿਤ ਅਤੇ ਔਖੀ ਦੁਨੀਆ ਵਿਚ ਅਸੀਂ ਆਪਣੇ ਸੁਰੱਖਿਆ ਰਾਹ ਵਿਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਾਂ। ਅਜਿਹੇ ਵਿਚ ਅਸੀਂ ਰੱਖਿਆ ਉਦਯੋਗਾਂ ਨਾਲ ਆਪਣੇ ਰੱਖਿਆ ਬਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਸਾਧਨ ਮੁਹੱਈਆ ਕਰਾਉਣ ਦੀ ਉਮੀਦ ਰੱਖਦੇ ਹਾਂ। ਕੁਝ ਸਾਲ ਪਹਿਲਾਂ ਅਣਗਿਣਤ ਯਤਨ ਕੀਤੇ ਗਏ ਅਤੇ ਭਾਰਤ ਵਿਚ ਰੱਖਿਆ ਖੇਤਰ 'ਚ ਜਾਨ ਪਾਉਣ ਲਈ ਕਈ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਅਤੇ ਇਸੇ ਲਈ ਅਸੀਂ ਡੂੰਘੇ ਤੌਰ 'ਤੇ ਸਵਦੇਸ਼ੀਕਰਨ ਦੀ ਨੀਤੀ ਲਈ ਪ੍ਰਤੀਬੱਧ ਹਾਂ।

ਕੇਂਦਰ ਦੇ 'ਮੇਕ ਇਨ ਇੰਡੀਆ' ਇਨੀਸ਼ੀਏਟਿਵ ਨੂੰ ਪ੍ਰਭਾਸ਼ਿਤ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਕਿ ਇਹ ਰੱਖਿਆ ਕੋਰੀਡੋਰ ਨਾਲ ਅੱਗੇ ਵਧੇਗਾ। ਅਜਿਹੇ ਕੋਰੀਡੋਰ ਨੂੰ ਭੌਂ ਪ੍ਰਾਪਤੀ ਨੂੰ ਸੌਖਾ ਬਣਾਉਣ, ਟੈਕਸ ਰਿਆਇਤਾਂ ਅਤੇ ਹੋਰ ਮੁੱਦਿਆਂ ਦੇ ਰੂਪ ਵਿਚ ਉਤਸ਼ਾਹਤ ਕੀਤਾ ਜਾ ਰਿਹਾ ਹੈ।

Posted By: Sukhdev Singh