ਸਟੇਟ ਬਿਊਰੋ, ਮੁੰਬਈ : ਅਦਾਕਾਰਾ ਰਕੁਲਪ੍ਰੀਤ ਸਿੰਘ, ਦੀਪਿਕਾ ਪਾਦੁਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੇ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ਿਤਿਜ ਰਵੀ ਪ੍ਰਸਾਦ ਤੋਂ ਸ਼ੁੱਕਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਪੁੱਛਗਿੱਛ ਕੀਤੀ। ਸ਼ਨਿਚਰਵਾਰ ਨੂੰ ਦੀਪਿਕਾ ਪਾਦੁਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੋਂ ਪੁੱਛਗਿੱਛ ਹੋਵੇਗੀ। ਕ੍ਰਿਸ਼ਮਾ ਪ੍ਰਕਾਸ਼ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਦੀਪਿਕਾ ਪਾਦੁਕੋਣ ਸ਼ਨਿਚਰਵਾਰ ਸਵੇਰੇ ਐੱਨਸੀਬੀ ਗੈਸਟ ਹਾਊਸ ਪਹੁੰਚੇਗੀ। ਉਨ੍ਹਾਂ ਦੇ ਅਦਾਕਾਰ ਪਤੀ ਰਣਵੀਰ ਸਿੰਘ ਨੇ ਪੁੱਛਗਿੱਛ ਦੌਰਾਨ ਦੀਪਿਕਾ ਦੇ ਨਾਲ ਰਹਿਣ ਦੀ ਇਜਾਜ਼ਤ ਐੱਨਸੀਬੀ ਤੋਂ ਮੰਗੀ ਹੈ। ਦੀਪਿਕਾ ਤੇ ਰਣਵੀਰ ਵੀਰਵਾਰ ਦੇਰ ਸ਼ਾਮ ਗੋਆ ਤੋਂ ਵਾਪਸ ਆ ਗਏ ਸਨ। ਦੀਪਿਕਾ ਨੂੰ ਸਵੇਰੇ 10 ਵਜੇ ਐੱਨਸੀਬੀ ਦੇ ਗੈਸਟ ਹਾਊਸ ਪਹੁੰਚਣ ਲਈ ਕਿਹਾ ਗਿਆ ਹੈ, ਤਾਂ ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਨੂੰ 10.30 ਵਜੇ। ਮੰਨਿਆ ਜਾ ਰਿਹਾ ਹੈ ਕਿ ਦੀਪਿਕਾ ਤੋਂ ਵੱਖਰੇ ਤੌਰ 'ਤੇ ਪੁੱਛਗਿੱਛ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਉਨ੍ਹਾਂ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਦੇ ਸਾਹਮਣੇ ਬਿਠਾ ਕੇ ਵੀ ਐੱਨਸੀਬੀ ਪੁੱਛਗਿੱਛ ਕਰੇਗੀ। ਕ੍ਰਿਸ਼ਮਾ ਦੇ ਨਾਲ ਉਨ੍ਹਾਂ ਦੇ ਕਈ ਵ੍ਹਟਸਐਪ ਚੈਟ 'ਚ ਡਰੱਗ ਦੀ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਚੈਟ ਸਿਰਫ਼ ਤਿੰਨ ਲੋਕਾਂ ਦੇ ਵ੍ਹਟਸਐਪ ਗਰੁੱਪ 'ਤੇ ਹੁੰਦੀ ਸੀ, ਜਿਸਦੀ ਐਡਮਿਨ ਵੀ ਖੁਦ ਦੀਪਿਕਾ ਸੀ। ਦੋ ਹੋਰ ਮੈਂਬਰਾਂ 'ਚ ਇਕ ਉਨ੍ਹਾਂ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਸੀ, ਤਾਂ ਦੂਜੀ ਸੁਸ਼ਾਂਤ ਸਿੰਘ ਰਾਜਪੂਤ ਤੇ ਰੀਆ ਚੱਕਰਵਰਤੀ ਦੀ ਟੈਲੇਂਟ ਮੈਨੇਜਰ ਜਯਾ ਸਾਹਾ।

ਦੀਪਿਕਾ, ਸਾਰਾ ਤੇ ਸ਼ਰਧਾ ਕਪੂਰ ਤੋਂ ਪੁੱਛਗਿੱਛ ਕਰ ਕੇ ਐੱਨਸੀਬੀ ਸਿਨੇ ਜਗਤ ਦੇ ਹੋਰ ਲੋਕਾਂ ਦੇ ਡਰੱਗ ਸਬੰਧਾਂ ਤਕ ਪਹੁੰਚਣਾ ਚਾਹੁੰਦੀ ਹੈ। ਇਸ ਲੜੀ ਦੀ ਸ਼ੁਰੂਆਤ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਮੌਤ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਇਕ ਵ੍ਹਟਸਐਪ ਚੈਟ ਦੀ ਜਾਣਕਾਰੀ ਦੇਣ ਮਗਰੋਂ ਹੋਈ। ਇਸ ਵਿਚ ਜਯਾ ਸਾਹਾ ਤੇ ਰੀਆ ਚੱਕਰਵਰਤੀ ਦੀ ਚੈਟ 'ਚ ਕਿਸੇ ਨੂੰ ਇਕ ਖਾਸ ਡਰੱਗ ਦੀਆਂ ਚਾਰ ਬੂੰਦਾਂ ਚਾਹ, ਕੌਫੀ ਜਾਂ ਪਾਣੀ ਵਿਚ ਮਿਲਾ ਕੇ ਦੇਣ ਦੀ ਗੱਲ ਕਹੀ ਜਾ ਰਹੀ ਸੀ। ਇਸ ਤੋਂ ਬਾਅਦ ਹੀ ਈਡੀ ਦੀ ਸੂਚਨਾ 'ਤੇ ਐੱਨਸੀਬੀ ਨੇ ਇਸ ਮਾਮਲੇ 'ਚ ਐੱਫਆਈਆਰ ਦਰਜ ਕਰ ਲਈ ਸੀ।

Posted By: Susheel Khanna