ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਕਿਸਾਨ ਟਰੈਕਟਰ ਪਰੇਡ ਦੌਰਾਨ 26 ਜਨਵਰੀ ਨੂੰ ਹੋਈ ਹਿੰਸਾ ਨੂੰ ਲੈ ਕੇ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਵੀਰਵਾਰ ਨੂੰ ਦਿੱਲੀ ਕੋਰਟ 'ਚ ਸਫਾਈ ਦਿੱਤੀ ਹੈ। ਲਾਲ ਕਿਲ੍ਹਾ ਹਿੰਸਾ 'ਚ ਮੁਲਜ਼ਮ ਦੀਪ ਸਿੱਧੂ ਦੇ ਵਕੀਲ ਨੇ ਕੋਰਟ 'ਚ ਕਿਹਾ ਕਿ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਹਿੰਸਾ ਲਈ ਲੋਕਾਂ ਨੂੰ ਭੜਕਾਇਆ। ਉਸ ਨੇ ਇਹ ਵੀ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਲਈ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ ਸੀ। ਦੀਪ ਸਿੱਧੂ ਤਾਂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹੈ। ਦੀਪ ਨੇ ਲਾਲ ਕਿਲ੍ਹੇ 'ਚ ਜਾਣ ਲਈ ਕੋਈ ਕਾਲ ਵੀ ਨਹੀਂ ਕੀਤੀ। ਕੋਰਟ ਦੇ ਸਾਹਮਣੇ ਦੀਪ ਸਿੱਧੂ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਸ ਨੇ ਦਿੱਲੀ 'ਚ ਹਿੰਸਾ ਦਾ ਇਕ ਵੀ ਕੰਮ ਨਹੀਂ ਕੀਤਾ ਹੈ। ਹਿੰਸਾ ਭੜਕਾਉਣ ਤੋਂ ਪਹਿਲਾਂ ਹੀ ਉਹ ਅੰਦੋਲਨ ਤੋਂ ਵੱਖ ਹੋ ਗਿਆ ਸੀ। ਦੀਪ ਸਿੱਧੂ ਦੀ ਜ਼ਮਾਨਤ 'ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਵੇਗੀ।

ਬੁੱਧਵਾਰ ਨੂੰ ਹਰਿਆਣਾ ਦੇ ਯਮੁਨਾਨਗਰ 'ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਘਟਨਾ ਦੇ ਮੁਲਜ਼ਮ ਦੀਪ ਸਿੱਧੂ ਅੰਦੋਲਨਕਾਰੀਆਂ ਨਾਲ ਆਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ। ਇਸ 'ਚ ਕੋਈ ਬੁਰਾਈ ਨਹੀਂ। ਬੁੱਧਵਾਰ ਨੂੰ ਟਿਕੈਤ ਪਾਂਵਟਾ ਸਾਹਿਬ ਜਾਂਦੇ ਸਮੇਂ ਇੱਥੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਜਦੋਂ ਤਕ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ, ਅੰਦੋਲਨ ਜਾਰੀ ਰਹੇਗਾ। ਕਿਸਾਨ ਕਿਸੇ ਵੀ ਹਾਲਾਤ 'ਚ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੀ ਗੱਲ਼ ਕਰ ਰਹੀ ਹੈ ਪਰ ਕਿਸਾਨ ਸਰਕਾਰ ਦੀ ਗਾਈਡ ਲਾਈਨ ਦਾ ਪਾਲਨ ਕਰਦਿਆਂ ਅੰਦੋਲਨ ਜਾਰੀ ਰੱਖਾਂਗੇ। ਟਿਕੈਤ ਨੇ ਕਿਹਾ ਕਿ ਜਦੋਂ ਸਾਰੇ ਆਗੂ ਤੇ ਉਨ੍ਹਾਂ ਦੇ ਪਰਿਵਾਰ ਵੈਕਸੀਨ ਲਗਵਾ ਲੈਣਗੇ ਉਸ ਤੋਂ ਬਾਅਦ ਟੀਕਾਕਰਨ ਬਾਰੇ ਸੋਚਿਆ ਜਾਵੇਗਾ। ਇਕ ਸਵਾਲ 'ਤੇ ਕਿਹਾ ਕਿ ਕਿਸਾਨਾਂ ਨੂੰ ਅਨਾਜ ਦੀ ਫ਼ਸਲ ਦੀ ਕਟਾਈ ਲਈ ਭੇਜਿਆ ਗਿਆ ਹੈ। ਜਿਵੇਂ ਸਰਕਾਰ ਨੇ ਆਗੂਆਂ ਨੂੰ ਬੰਗਾਲ ਦੇ ਚੋਣਾਂ 'ਚ ਭੇਜਿਆ ਹੋਇਆ ਹੈ।

Posted By: Amita Verma