ਨਈ ਦੁਨੀਆ, ਨਵੀਂ ਦਿੱਲੀ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸੀਐੱਮ ਅਹੁਦੇ ਤੋਂ ਸਹੁੰ ਚੁੱਕਣ ਦੇ ਨਾਲ ਹੀ ਇਕ ਅਹਿਮ ਫ਼ੈਸਲਾ ਕਰਦੇ ਹੋਏ ਪ੍ਰਦੇਸ਼ ਦੇ ਸਾਰੇ ਪਰਿਵਾਰਾਂ ਨੂੰ ਕੋਰੋਨਾ ਰਾਹਤ ਦੇ ਰੂਪ ’ਚ 4000 ਰੁਪਏ ਦੇਣ ਦਾ ਆਦੇਸ਼ ਦਿੱਤਾ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕੁਰਸੀ ਸੰਭਾਲਦੇ ਹੀ ਉਨ੍ਹਾਂ ਨੇ ਇਸ ਆਦੇਸ਼ ’ਤੇ ਸਾਈਨ ਕੀਤੇ। ਇਸ ’ਚੋਂ 2000 ਰੁਪਏ ਦੀ ਪਹਿਲਾਂ ਕਿਸ਼ਤ ਮਈ ਮਹੀਨੇ ’ਚ ਹੀ ਦੇ ਦਿੱਤੀ ਜਾਵੇਗੀ। ਇਸਤੋਂ ਇਲਾਵਾ ਸੀਐੱਮ ਸਟਾਲਿਨ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਸਾਰੀਆਂ ਸਟੇਟ ਗਵਰਨਮੈਂਟ ਇੰਸ਼ੋਰੈਂਸ ਕਾਰਡ ਹੋਲਡਰਜ਼ ਦਾ ਨਿੱਜੀ ਹਸਪਤਾਲਾਂ ’ਚ ਵੀ ਕੋਰੋਨਾ ਸਬੰਧੀ ਇਲਾਜ ਦਾ ਖ਼ਰਚਾ ਚੁੱਕੇਗੀ।

ਇਸਤੋਂ ਪਹਿਲਾਂ ਵਿਧਾਨਸਭਾ ਚੋਣਾਂ ’ਚ ਡੀਐੱਮਕੇ ਨੂੰ ਮਿਲੀ ਪ੍ਰਚੰਡ ਜਿੱਤ ਤੋਂ ਬਾਅਦ ਪਾਰਟੀ ਪ੍ਰਧਾਨ ਮੁਥੁਵੇਲ ਕਰੁਣਾਨਿਧੀ ਸਟਾਲਿਨ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲ ਦੇ ਸਟਾਲਿਨ ਨੂੰ ਰਾਜ ਭਵਨ ’ਚ ਕਰਵਾਏ ਸਾਦੇ ਸਮਾਗਮ ’ਚ ਅਹੁਦੇ ਦੀ ਸਹੁੰ ਚੁਕਾਈ। ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਰਹੇ ਸਟਾਲਿਨ ਦੇ 33 ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ।

Posted By: Ramanjit Kaur