ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਗੁਜਰਾਤ 'ਚ ਢਾਈ ਮਹੀਨੇ 'ਚ ਦੁੱਗਣੀ ਗਿਣਤੀ 'ਚ ਮੌਤਾਂ ਦੇ ਪ੍ਰਮਾਣ ਪੱਤਰ ਜਾਰੀ ਹੋਣ ਤੇ ਉੱਤਰ ਪ੍ਰਦੇਸ਼ 'ਚ ਗੰਗਾ ਨਦੀ ਕੰਢੇ ਵੱਡੀ ਗਿਣਤੀ 'ਚ ਲਾਸ਼ਾਂ ਦਫ਼ਨਾਏ ਜਾਣ 'ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਪਾਰਟੀ ਨੂੰ ਖ਼ਦਸ਼ਾ ਹੈ ਕਿ ਕੁਝ ਸੂਬਾ ਸਰਕਾਰਾਂ ਕੋਰੋਨਾ ਮਹਾਮਾਰੀ ਨਾਲ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਲੁਕਾਉਣ 'ਚ ਰੁੱਝੀਆਂ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ।

ਕਾਂਗਰਸੀ ਆਗੂ, ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਤੇ ਪਾਰਟੀ ਜਨਰਲ ਸਕੱਤਰ ਸ਼ਕਤੀ ਸਿੰਘ ਗੋਹਿਲ ਨੇ ਪ੍ਰਰੈੱਸ ਕਾਨਫਰੰਸ 'ਚ ਗੁਜਰਾਤ 'ਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਪਰਦਾਫਾਸ਼ ਕਰਨ ਲਈ ਸਥਾਨਕ ਮੀਡੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਸੂਬਿਆਂ ਦੀਆਂ ਕਾਂਗਰਸੀ ਕਮੇਟੀਆਂ ਨੂੰ ਵੀ ਆਪਣੇ ਸੂਬੇ 'ਚ ਸਰਕਾਰਾਂ ਤੋਂ ਮੌਤ ਦੇ ਪ੍ਰਮਾਣ ਪੱਤਰ ਦਾ ਅੰਕੜਾ ਮੰਗਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ 'ਚ ਕੋਰੋਨਾ ਨਾਲ ਜੁੜੀ ਸੁਣਵਾਈ 'ਚ ਇਸ ਮਾਮਲੇ ਨੂੰ ਉਠਾਇਆ ਜਾ ਸਕਦਾ ਹੈ।

ਚਿਦੰਬਰਮ ਤੇ ਗੋਹਿਲ ਨੇ ਕਿਹਾ ਕਿ ਪਹਿਲੀ ਮਾਰਚ 2021 ਤੋਂ 10 ਮਈ ਵਿਚਾਲੇ ਗੁਜਰਾਤ 'ਚ ਲਗਪਗ 1,23,000 ਮੌਤਾਂ ਦੇ ਪ੍ਰਮਾਣ ਪੱਤਰ ਜਾਰੀ ਹੋਏ, ਜਦਕਿ 2020 'ਚ ਇਸੇ ਮਿਆਦ 'ਚ 58,000 ਮੌਤਾਂ ਦੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਸਨ। ਲਗਪਗ 65,000 ਮੌਤਾਂ ਦੇ ਪ੍ਰਮਾਣ ਪੱਤਰ ਦਾ ਵਾਧਾ ਹੈਰਾਨਕੁੰਨ ਹੈ। ਇਹ ਵਾਧਾ ਮੌਤਾਂ ਦੀ ਗਿਣਤੀ 'ਚ ਹੋਣ ਵਾਲਾ ਸੁਭਾਵਿਕ ਸਾਲਾਨਾ ਵਾਧਾ ਨਹੀਂ ਹੋ ਸਕਦਾ, ਜਦਕਿ ਗੁਜਰਾਤ ਸਰਕਾਰ ਨੇ ਅਧਿਕਾਰਤ ਤੌਰ 'ਤੇ ਕੋਰੋਨਾ ਨਾਲ ਹੋਣ ਵਾਲੀਆਂ ਸਿਰਫ਼ 4,218 ਮੌਤਾਂ ਦੀ ਗੱਲ ਮੰਨੀ ਹੈ। ਇਸ ਲਈ ਸਾਨੂੰ ਸ਼ੱਕ ਹੈ ਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ 'ਚ ਕੁਝ ਸੂਬਾ ਸਰਕਾਰਾਂ ਕੋਰੋਨਾ ਦੀਆਂ ਮੌਤਾਂ ਦਾ ਅੰਕੜਾ ਲੁਕੋ ਰਹੀਆਂ ਹਨ।

ਉਥੇ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ 'ਚ ਗੰਗਾ ਕੰਢੇ 2000 ਤੋਂ ਜ਼ਿਆਦਾ ਲਾਸ਼ਾਂ ਦਫਨਾਏ ਜਾਣ ਦੀਆਂ ਖ਼ਬਰਾਂ 'ਤੇ ਆਪਣੇ ਟਵੀਟ 'ਚ ਪੀਐੱਮ ਮੋਦੀ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਜੋ ਕਹਿੰਦਾ ਸੀ ਗੰਗਾ ਨੇ ਬੁਲਾਇਆ ਹੈ, ਉਸ ਨੇ ਮਾਂ ਗੰਗਾ ਨੂੰ ਰੁਲਾਇਆ ਹੈ। ਚਿਦੰਬਰਮ ਤੇ ਗੋਹਿਲ ਦੋਵੇਂ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਲਾਸ਼ਾਂ ਨੂੰ ਲੁਕਵੇਂ ਢੰਗ ਨਾਲ ਦਫ਼ਨਾਇਆ ਜਾਣਾ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਮੌਜੂਦਾ ਗਿਣਤੀ ਨੂੰ ਲੁਕਾਉਣਾ ਸ਼ਰਮਨਾਕ ਯਤਨ ਹੈ।

ਭਾਜਪਾ ਦਾ ਪਲਟਵਾਰ

ਕਾਂਗਰਸ ਦੇ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਭਾਜਪਾ ਨੇ ਅਖਿਲੇਸ਼ ਯਾਦਵ ਰਾਜ 'ਚ ਗੰਗਾ 'ਚ ਰੁੜ੍ਹਦੀਆਂ ਲਾਸ਼ਾਂ ਦੀਆਂ ਖ਼ਬਰਾਂ ਸਾਹਮਣੇ ਰੱਖ ਦਿੱਤੀਆਂ। ਜਨਵਰੀ 2015 ਦੀ ਇਸ ਘਟਨਾ 'ਚ ਕਾਨਪੁਰ ਤੇ ਉਨਾਵ ਵਿਚਾਲੇ ਗੰਗਾ 'ਚ ਲਗਪਗ 100 ਲਾਸ਼ਾਂ ਪਾਈਆਂ ਗਈਆਂ ਸਨ। ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਮਾਲਵੀਏ ਨੇ ਉਸ ਖ਼ਬਰ ਨੂੰ ਟਵੀਟ ਕਰ ਕੇ ਅਸਿੱਧੇ ਢੰਗ ਨਾਲ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਗੰਗਾ 'ਚ ਪਹਿਲੀ ਵਾਰ ਲਾਸ਼ਾਂ ਨਹੀਂ ਮਿਲੀਆਂ ਹਨ। ਉਸ ਵਕਤ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਕੁਝ ਲੋਕ ਮੁਕਤੀ ਲਈ ਲਾਸ਼ਾਂ ਨੂੰ ਗੰਗਾ 'ਚ ਰੋੜ੍ਹ ਦਿੰਦੇ ਹਨ।