ਜੇਐੱਨਐੱਨ, ਜੈਪੁਰ : ਰਾਜਸਥਾਨ 'ਚ ਅਲਵਰ ਜ਼ਿਲ੍ਹਾ ਮੁੱਖ ਦਫ਼ਤਰ ਸਥਿਤ ਰਾਜੀਵ ਗਾਂਧੀ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਦੋ ਲਾਸ਼ਾਂ ਆਪਸ 'ਚ ਬਦਲ ਗਈਆਂ। ਇਕ ਦੇ ਪਰਿਵਾਰਕ ਮੈਂਬਰ ਦੂਜੇ ਦੀ ਲਾਸ਼ ਲੈ ਕੇ ਗਏ ਤੇ ਸਸਕਾਰ ਕਰ ਦਿੱਤਾ। ਬੁੱਧਵਾਰ ਬਾਅਦ ਦੁਪਹਿਰ ਜਦੋਂ ਦੂਜੇ ਵਿਅਕਤੀ ਦੇ ਪਰਿਵਾਰਕ ਮੈਂਬਰ ਹਸਪਤਾਲ 'ਚ ਲਾਸ਼ ਲੈਣ ਪੁੱਜੇ ਤਾਂ ਪੂਰੇ ਮਾਮਲੇ ਦਾ ਪਰਦਾਫਾਸ਼ ਹੋਇਆ। ਇਸ ਤੋਂ ਪਹਿਲਾਂ ਜੋ ਲੋਕ ਲਾਸ਼ ਲੈ ਗਏ ਸਨ, ਉਨ੍ਹਾਂ ਨੂੰ ਸੱਦਿਆ ਗਿਆ।

ਇਸ ਤੋਂ ਬਾਅਦ ਰੱਜ ਕੇ ਹੰਗਾਮਾ ਕੀਤਾ। ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਾਇਆ। ਆਖ਼ਰ ਪੁਲਿਸ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ। ਵੀਰਵਾਰ ਨੂੰ ਇਸ ਸਬੰਧੀ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਲਾਪਰਵਾਹੀ ਦੀ ਸ਼ਿਕਾਇਤ ਕੀਤੀ ਹੈ। ਇਸ 'ਚੋਂ ਇਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਪੁਲਿਸ ਅਨੁਸਾਰ ਅਲਵਰ ਦੇ ਕਾਲਾਕੂੰਆਂ ਵਾਸੀ ਰਾਜਮੋਹਨ ਵਾਲਮੀਕਿ ਸਥਾਨਕ ਮਹਿਲਾ ਹਸਪਤਾਲ 'ਚ ਚੌਕੀਦਾਰੀ ਕਰਦਾ ਸੀ।

ਸਿਹਤ ਖ਼ਰਾਬ ਹੋਣ 'ਤੇ ਉਸ ਨੂੰ 28 ਅਪ੍ਰਰੈਲ ਨੂੰ ਰਾਜੀਵ ਗਾਂਧੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਤਿੰਨ ਮਈ ਨੂੰ ਸਵੇਰੇ ਕਰੀਬ ਚਾਰ ਵਜੇ ਉਸ ਦੀ ਮੌਤ ਹੋ ਗਈ। ਉਥੇ, ਅਲਵਰ ਦੋ ਗੋਪਾਲ ਟਾਕੀਜ਼ ਵਾਸੀ ਪੱਪੂ ਰਾਮ ਨੂੰ ਸਾਹ ਲੈਣ 'ਚ ਪਰੇਸ਼ਾਨੀ ਤੇ ਖੰਘ ਹੋਣ ਕਾਰਨ ਤਿੰਨ ਮਈ ਦੁਪਹਿਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੇਰ ਰਾਤ ਉਸ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਦੋਵੇਂ ਦੀਆਂ ਲਾਸ਼ਾਂ ਪੋਸਟਮਾਰਟਮ ਹਾਊਸ 'ਚ ਰਖਵਾ ਦਿੱਤੀਆਂ। ਅਗਲੇ ਦਿਨ ਚਾਰ ਮਈ ਨੂੰ ਹਸਪਤਾਲ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮੌਤ ਹੋਣ ਤੇ ਲਾਸ਼ ਲੈ ਕੇ ਜਾਣ ਦੀ ਸੂਚਨਾ ਦਿੱਤੀ। ਇਲਾਜ ਦੌਰਾਨ ਉਨ੍ਹਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਪੰਜ 5 ਮਈ ਸਵੇਰੇ ਰਿਪੋਰਟ ਆਈ।

ਇਸ 'ਚ ਰਾਜਮੋਹਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਰਾਜਮੋਹਨ ਦੀ ਲਾਸ਼ ਉਨ੍ਹਾਂ ਦੇ ਪੁੱਤਰ ਸੰਜੇ ਨੂੰ ਸੌਂਪ ਦਿੱਤੀ। ਕੋਰੋਨਾ ਇਨਫੈਕਸ਼ਨ ਹੋਣ ਕਾਰਨ ਕਾਹਲੀ-ਕਾਹਲੀ 'ਚ ਸਸਕਾਰ ਕਰ ਦਿੱਤਾ ਗਿਆ। ਛੇ ਮਈ ਨੂੰ ਪੱਪੂ ਰਾਮ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਪੋਸਟਮਾਰਟਮ ਹਾਊਸ ਪੁੱਜੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦੇਖਿਆ ਕਿ ਲਾਸ਼ ਪੱਪੂ ਰਾਮ ਦੀ ਬਜਾਏ ਕਿਸੇ ਹੋਰ ਦੀ ਸੀ।