ਜੇਐੱਨਐੱਨ, ਨਵੀਂ ਦਿੱਲੀ : ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧ ਖ਼ਿਲਾਫ਼ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਜੰਤਰ ਮੰਤਰ 'ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨਾਲ ਮਹਿਲਾ ਕਮਿਸ਼ਨ ਨਾਲ ਜੁੜੀਆਂ ਔਰਤਾਂ ਵੀ ਧਰਨਾ ਦੇ ਰਹੀਆਂ ਹਨ।

ਸਵਾਤੀ ਮਾਲੀਵਾਲ ਨੇ ਟਵੀਟ ਰਾਹੀਂ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਜੰਤਰ-ਮੰਤਰ 'ਤੇ ਬੈਠਣ ਨਹੀਂ ਦੇ ਰਹੀ। ਰਾਤ ਭਰ ਪੁਲਿਸ ਨੇ ਪੂਰਾ ਜੰਤਰ-ਮੰਤਰ ਬੈਰੀਕੇਡਿੰਗ ਕਰ ਕੇ ਟੈਂਟ ਤੇ ਮਾਈਕ ਨਹੀਂ ਲੱਗਣ ਦਿੱਤਾ। ਸਾਫ਼ ਬੋਲ ਰਹੇ ਹਨ ਅਜਿਹਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਦਿੱਲੀ ਪੁਲਿਸ ਸਹਿਯੋਗ ਨਹੀਂ ਕਰ ਰਹੀ ਹੈ।

ਮਰਨ ਵਰਤ 'ਤੇ ਬੈਠਣ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਪ੍ਰਧਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਔਰਤਾਂ ਖ਼ਿਲਾਫ਼ ਰਹੋ ਅਪਰਾਧ ਰੋਕਣ ਲਈ ਢੁਕਵੇਂ ਕਦਮ ਉਠਾਉਣ ਦੀ ਮੰਗ ਕੀਤੀ ਹੈ।

ਸਵਾਤੀ ਮਾਲੀਵਾਲ ਦੀਆਂ ਮੰਗਾਂ

1. ਨਿਰਭਿਆ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

2. ਜਬਰ ਜਨਾਹ ਕਰਨ ਵਾਲਿਆਂ ਨੂੰ 6 ਮਹੀਨਿਆਂ ਦੇ ਅੰਦਰ ਫਾਂਸੀ ਹੋਵੇ, ਇਸ ਦੇ ਲਈ ਸਾਰੇ ਕਾਨੂੰਨਾਂ 'ਚ ਸੋਧ ਕਰ ਕੇ ਕੇਸ ਚਲਾਉਣ ਤੇ ਸਾਰੀਆਂ ਅਪੀਲਾਂ, ਤਰਸ ਦੇ ਆਧਾਰ 'ਤੇ ਪਟੀਸ਼ਨਾਂ ਦੀ ਸਮੇਂ-ਸੀਮਾਂ ਕਾਨੂੰਨ 'ਚ 6 ਮਹੀਨੇ ਨਿਰਧਾਰਤ ਹੋਵੇ। ਜਦੋਂ ਤਕ ਕਾਨੂੰਨ 'ਚ ਸਮੇਂ ਸੀਮਾਂ ਦਾ ਜ਼ਿਕਰ ਨਹੀਂ ਹੁੰਦਾ, ਉਦੋਂ ਤਕ ਕੁਝ ਨਹੀਂ ਬਦਲੇਗਾ।

3. ਦੇਸ਼ ਦੇ ਸਾਰੇ ਸੂਬਿਆਂ ਦੀ ਪੁਲਿਸ ਨੂੰ ਲੋੜੀਂਦੇ ਪੁਲਿਸ ਮੁਲਾਜ਼ਮ ਦਿੱਤੇ ਜਾਣ। ਦਿੱਲੀ 'ਚ ਅੱਜ ਵੀ ਪਿਛਲੇ 13 ਸਾਲ ਤੋਂ 66,000 ਪੁਲਿਸ ਮੁਲਾਜ਼ਮਾਂ ਦੀ ਘਾਟ ਹੈ। ਗ੍ਰਹਿ ਮੰਤਰਾਲਾ ਤੁਰੰਤ 66,000 ਮੁਲਾਜ਼ਮ ਦਿੱਲੀ ਪੁਲਿਸ ਨੂੰ ਪ੍ਰਦਾਨ ਕਰੇ।

4. ਦੇਸ਼ ਵਿਚ ਫਾਸਟ ਟ੍ਰੈਕ ਕੋਰਟ ਦੀ ਬਹੁਤ ਵੱਡੀ ਘਾਟ ਹੈ। ਕਈ ਜ਼ਿਲ੍ਹਿਆਂ 'ਚ ਤਾਂ ਫਾਸਟ ਟ੍ਰੈਕ ਕੋਰਟ ਹਨ ਹੀ ਨਹੀਂ, ਜੇਕਰ ਹਨ ਤਾਂ ਕਾਫ਼ੀ ਖਸਤਾ ਹਾਲਤ 'ਚ। ਇਸ ਲਈ ਸਾਰੇ ਜ਼ਿਲ੍ਹਿਆਂ 'ਚ ਲੋੜੀਂਦੀਆਂ ਅਦਾਲਤਾਂ ਬਣਾਓ। ਦਿੱਲੀ 'ਚ ਘੱਟੋ-ਘੱਟ 45 ਹੋਰ ਅਦਾਲਤਾਂ ਦੀ ਜ਼ਰੂਰਤ ਹੈ ਜੋ ਤੁਰੰਤ ਬਣਾਈਆਂ ਜਾਣ।

5. ਕਈ ਸਾਲ ਪਹਿਲਾਂ ਬਣੇ ਨਿਰਭਿਆ ਫੰਡ ਦਾ ਅੱਜ ਤਕ ਕੋਈ ਠੋਸ ਇਸਤੇਮਾਲ ਨਹੀਂ ਹੋਇਆ। ਹਜ਼ਾਰਾਂ-ਕਰੋੜਾਂ ਰੁਪਏ ਜਿਹੜੇ ਦੇਸ਼ ਦੀਆਂ ਬੱਚੀਆਂ ਦੀ ਜਾਨ-ਬਚਾਉਣ 'ਚ ਕੰਮ ਆ ਸਕਦੇ ਸਨ, ਉਹ ਸਾਲਾਂ ਤੋਂ ਸਰਕਾਰੀ ਖ਼ਜ਼ਾਨਿਆਂ 'ਚ ਬੰਦ ਹਨ। ਇਸ ਲਈ ਤੁਰੰਤ ਇਹ ਫੰਡ ਸੂਬਿਆਂ 'ਚ ਵੰਡੇ ਜਾਣ ਤੇ ਔਰਤਾਂ ਦੀ ਸੁਰੱਖਿਆ ਲਈ ਜ਼ਰੂਰੀ ਤੰਤਰ ਨੂੰ ਮਜ਼ਬੂਤ ਕਰਨ 'ਚ ਇਸਤੇਮਾਲ ਕੀਤਾ ਜਾਵੇ।

6. ਪੁਲਿਸ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਭਾਰਤ ਤਕਨੀਕੀ ਖੇਤਰ 'ਚ ਵਿਸ਼ਵ ਗੁਰੂ ਮੰਨਿਆ ਜਾਂਦਾ ਹੈ ਪਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੇਂਦਰ ਪਿਛਲੇ 13 ਸਾਲਾਂ ਤੋਂ ਇਕ ਸਾਫਟਵੇਅਰ ਨਹੀਂ ਬਣਾ ਸਕੀ ਜੋ ਪੁਲਿਸ ਦੀ ਡਿਜੀਟਲੀਕਰਨ ਕਰ ਸਕੇ। ਜ਼ਰੂਰੀ ਹੈ ਕਿ ਤੁਰੰਤ ਸਾਫਟਵੇਅਰ ਬਣਾਇਆ ਜਾਵੇ ਅਤੇ ਹੋਰ ਵੀ ਤਰੀਕਿਆਂ ਨਾਲ ਪੁਲਿਸ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

Posted By: Seema Anand