ਨਵੀਂ ਦਿੱਲੀ (ਪੰਜਾਬੀ ਜਾਗਰਣ ਸਪੈਸ਼ਲ) : ਆਰਥਿਕ ਤੰਗੀ ਨਾਲ ਜੁਝ ਰਹੇ ਪਾਕਿਸਤਾਨ ਦੀ ਹਾਲਤ ਇਨ੍ਹੀਂ ਦਿਨੀਂ ਲਗਾਤਾਰ ਖਰਾਬ ਹੋ ਰਹੀ ਹੈ। ਦੇਸ਼ ਵਿਚ ਮਹਿੰਗਾਈ ਲਗਾਤਾਰ ਅਸਮਾਨ ਛੂਹ ਰਹੀ ਹੈ। ਦੁੱਧ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦੂਜੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਵੀ ਬਹੁਤ ਤੇਜ਼ੀ ਨਾਲ ਵੱਧ ਗਏ ਹਨ। ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਕਰਾਚੀ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਦੁੱਧ ਦੀ ਕੀਮਤ ਵਿਚ 23 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ। ਇਸ ਦੇ ਪਿੱਛੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਸ਼ੂਆਂ ਨੂੰ ਖੁਆਏ ਜਾਣ ਵਾਲੇ ਚਾਰੇ ਅਤੇ ਈਂਧਨ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ ਇਸ ਲਈ ਦੁੱਧ ਦੀ ਕੀਮਤ ਵਧਾਉਣੀ ਮਜਬੂਰੀ ਸੀ।

ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਦ ਡੌਨ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੁੱਧ ਦੀਆਂ ਕੀਮਤਾਂ 'ਚ ਹੋਏ ਤਾਜ਼ਾ ਵਾਧੇ ਤੋਂ ਬਾਅਦ ਹੁਣ ਉੱਥੇ ਇਸ ਦੀ ਕੀਮਤ 120 ਤੋਂ 180 ਰੁਪਏ ਲੀਟਰ ਤਕ ਹੋ ਗਈ ਹੈ। ਦੁੱਧ ਵਰਗੀਆਂ ਚੀਜ਼ਾਂ ਦੇ ਭਾਅ 'ਚ ਹੋਏ ਵਾਧੇ ਦੀ ਬਦੌਲਤ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਕਰਾਚੀ ਫਾਰਮਰਸ ਐਸੋਸੀਏਸ਼ਨ ਦੁੱਧ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਲੈ ਕੇ ਕਾਫ਼ੀ ਸਮਾਂ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ। ਇਸ ਲਈ ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਪਰ ਸਰਕਾਰ ਇਸ 'ਤੇ ਫੈਸਲਾ ਲੈਣ 'ਚ ਨਾਕਾਮ ਰਹੀ। ਲਿਹਾਜ਼ਾ ਆਪਣੀ ਮਜਬੂਰੀ ਦੱਸਦੇ ਹੋਏ ਐਸੋਸੀਏਸ਼ਨ ਨੇ ਦੁੱਧ ਦੀਆਂ ਕੀਮਤਾਂ 'ਚ ਤੇਜ਼ੀ ਕਰ ਦਿੱਤੀ। ਬਾਵਜੂਦ ਇਸ ਦੇ ਪ੍ਰਸ਼ਾਸਨ ਦੁੱਧ ਦੀ ਕੀਮਤ ਵਿਚ ਹੋਈ ਤੇਜ਼ੀ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਪਿਛਲੇ ਪੰਜ ਸਾਲਾਂ ਦੌਰਾਨ ਸਭ ਤੋਂ ਜ਼ਿਆਦਾ ਆਰਥਿਕ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਪਾਕਿਸਤਾਨ 'ਚ ਮਹਿੰਗਾਈ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਮਾਰਚ ਮਹੀਨੇ 'ਚ ਮਹਿੰਗਾਈ 9.4 ਫ਼ੀਸਦੀ ਤਕ ਪਹੁੰਚ ਗਈ। ਮਹਿੰਗਾਈ ਵਧਣ, ਰੁਪਏ 'ਚ ਗਿਰਾਵਟ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਵਿਆਜ ਦਰ ਵਧਾ ਕੇ 10.75 ਫੀਸਦੀ ਕਰ ਦਿੱਤੀ ਹੈ। ਉੱਥੇ ਦੂਜੇ ਪਾਸੇ ਉਸ 'ਤੇ ਐੱਫਏਟੀਐੱਫ ਦੀ ਤਲਵਾਰ ਵੀ ਲਟਕੀ ਹੈ ਜੋ ਉਸ ਨੂੰ ਕਾਲੀ ਸੂਚੀ ਵਿਚ ਪਾ ਸਕਦੀ ਹੈ। ਜੇਕਰ ਇਸ ਤਰ੍ਹਾਂ ਹੋਇਆ ਤਾਂ ਪਾਕਿਸਤਾਨ ਭੁਖਮਰੀ ਤਕ ਦਾ ਸ਼ਿਕਾਰ ਹੋ ਸਕਦਾ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਸਾਊਦੀ ਅਰਬ ਵਲੋਂ ਪਾਕਿਸਤਾਨ ਨੂੰ ਅਰਬਾਂ ਰੁਪਏ ਦੀ ਮਦਦ ਦਿੱਤੀ ਗਈ ਹੈ, ਪਰ ਇਸ ਨਾਲ ਵੀ ਕੁਝ ਫਰਕ ਪੈਂਦਾ ਦਿਖਾਈ ਨਹੀਂ ਦੇ ਰਿਹਾ।

Posted By: Seema Anand