ਅਹਿਮਦਾਬਾਦ: ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਗੁਜਰਾਤ 'ਤੇ ਸੰਕਟ ਥੋੜ੍ਹਾ ਘੱਟ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਿਕ 150 ਤੋਂ ਜ਼ਿਆਦਾ ਤੇਜ਼ ਰਫ਼ਤਾਰ ਨਾਲ ਗੁਜਰਾਤ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਵਾਯੂ ਨੇ ਆਪਣੀ ਦਿਸ਼ਾ ਬਦਲ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਗੁਜਰਾਤ ਦੇ ਤੱਟੀ ਖੇਤਰਾਂ ਨੂੰ ਛੂਹ ਕੇ ਨਿਕਲ ਜਾਵੇਗਾ। ਹਾਲਾਂਕਿ ਖ਼ਤਰਾ ਹਾਲੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਚੱਕਰਵਾਤ ਵੇਰਾਵਲ, ਪੋਰਬੰਦਰ, ਦਵਾਰਕਾ ਦੇ ਨੇੜੇਓ ਲੰਘੇਗਾ ਜਿਸ ਨਾਲ ਇਨ੍ਹਾਂ ਖੇਤਰਾਂ 'ਚ ਤੇਜ਼ ਹਨੇਰੀ ਅਤੇ ਬਰਿਸ਼ ਹੋਵੇਗੀ। ਗੁਜਰਾਤ ਸਰਕਾਰ ਨੇ ਹਾਲਾਤ ਨਾਲ ਨਿਜੱਠਣ ਲਈ ਤਿਆਰੀਆਂ ਕਰ ਲਈਆਂ ਹਨ। ਇਸ ਦੌਰਾਨ ਐੱਨਡੀਆਰਐੱਫ ਦੀਆਂ 52 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਨਾਲ ਹੀ ਫ਼ੌਜ ਦੀਆਂ ਤਿੰਨਾਂ ਅੰਗਾਂ ਅਤੇ ਕੋਸਟ ਗਾਰਡ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।


Live Updates:

-ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸ਼ਕੇਕ ਪਹੁੰਚਣ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨਾਲ ਵਾਯੂ ਚੱਕਰਵਾਤ ਸਬੰਧੀ ਫੋਨ 'ਤੇ ਗੱਲ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਚੱਕਰਵਾਤ ਵਾਯੂ ਨਾਲ ਨਿਜੱਠਣ ਲਈ ਸੂਬੇ ਦੀ ਹਰ ਸੰਭਵ ਸਹਾਇਤਾ ਕਰੇਗੀ। ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਨੇ ਵੀ ਨੇਵੀ ਅਤੇ ਇੰਡੀਅਨ ਕੋਸਟ ਗਾਰਡ ਦੀਆਂ ਤਿਆਰੀਆਂ ਦਾ ਨਿਰੀਖਣ ਕੀਤਾ।

-ਦੁਪਹਿਰ ਤਿੰਨ ਵਜੇ ਤੋਂ ਬਾਅਦ ਗੁਜਰਾਤ ਦੀ ਸਰਹੱਦ 'ਚ ਪ੍ਰਵੇਸ਼ ਕਰੇਗਾ ਪਰ ਹੁਣ ਇੱਥੇ ਦੇ ਤੱਟ ਨਾਲ ਟਕਰਾਉਣ ਦੀ ਬਜਾਏ ਪੋਰਬੰਦਰ ਕੇ ਨੇੜੇ ਤੋਂ ਗੁਜ਼ਰ ਜਾਵੇਗਾ। ਚੱਕਰਵਾਤ ਦੀ ਗਤੀ ਮੱਧਮ ਜ਼ਰੂਰ ਹੈ ਪਰ ਖ਼ਤਰਾ ਟਲਿਆ ਨਹੀਂ ਹੈ।

-ਗੁਜਰਾਤ ਸਰਕਾਰ ਨੇ ਵਧੀਕ ਮੁੱਖ ਸਕੱਤਰ ਪੰਕਜ ਕੁਮਾਰ ਨੂੰ ਕਿਹਾ ਹੈ ਕਿ ਸਰਕਾਰ ਹਾਲੇ ਵੀ ਚੱਕਰਵਾਤ ਸਬੰਧੀ ਗੰਭੀਰ ਹੈ। ਲੋਕਾਂ ਨੂੰ ਹਾਲੇ ਵੀ ਰਾਹਤ ਕੈਂਪਾਂ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ।

-ਭਾਰਤੀ ਮੌਸਮ ਵਿਭਾਗ ਮੁਤਾਬਿਕ ਚੱਕਰਵਾਤੀ ਤੂਫ਼ਾਨ ਵਾਯੂ ਅੱਜ ਦੁਪਹਿਰ ਸੌਰਾਸ਼ਟਰ ਤੱਟ ਦੇ ਕਰੀਬ ਤੋਂ ਲੰਘੇਗਾ, ਜਿਸ ਦੌਰਾਨ ਹਵਾ ਦੀ ਰਫ਼ਤਾਰ 135-160 ਕਿਮੀ ਪ੍ਰਤੀ ਘੰਟਾ ਹੋਵੇਗੀ। ਦੀਪ, ਗਿਰ, ਸੋਮਨਾਥ, ਜੂਨਾਗੜ੍ਹ, ਪੋਰਬੰਦਰ, ਦਵਾਰਕਾ ਜਿਹੇ ਖੇਤਰ ਇਸ ਨਾਲ ਪ੍ਰਭਾਵਿਤ ਹੋਣਗੇ।

-ਚੱਕਰਵਾਤ ਵਾਯੂ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਖਾਣੇ ਦੇ ਪੈਕੇਟ ਵੀ ਤਿਆਰ ਕੀਤੇ ਹੋਏ ਹਨ, ਜਿਸ ਨੂੰ ਜ਼ਰੂਰਤਮੰਦਾਂ ਨੂੰ ਦਿੱਤਾ ਜਾਵੇਗਾ।

-ਚੱਕਰਵਾਤ ਦੌਰਾਨ ਸੋਮਨਾਥ ਮੰਦਰ ਬੰਦ ਨਾ ਕਰਨ 'ਤੇ ਗੁਜਰਾਤ ਸਰਕਾਰ ਦੇ ਮੰਤਰੀ ਭੁਪੇਂਦਰ ਸਿੰਘ ਨੇ ਕਿਹਾ ਹੈ ਕਿ ਇਹ ਕੁਦਰਤੀ ਆਫ਼ਤ ਹੈ, ਉਹ ਇਸ ਨੂੰ ਨਹੀਂ ਰੋਕ ਸਕਦੇ, ਕੁਦਰਤ ਹੀ ਇਸ ਨੂੰ ਰੋਰਕ ਸਕਦੀ ਹੈ।

-ਚੱਕਰਵਾਤ ਵਾਯੂ ਕਾਰਨ ਮਹਾਰਾਸ਼ਟਰ ਦੇ ਕੋਂਕਣ ਖੇਤਰ ਦੀਆਂ ਸਾਰੀਆਂ ਸਮੁੰਦਰੀ ਤੱਟਾਂ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ।


ਚੱਕਰਵਾਤ ਦੇ ਟਕਰਾਉਣ ਤੋਂ ਪਹਿਲਾਂ ਕਈ ਖੇਤਰਾਂ 'ਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਗੀਰ ਦੇ ਪ੍ਰਸਿੱਧ ਸੋਮਨਾਥ ਮੰਦਰ ਖੇਤਰ 'ਚ ਹਵਾ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਗਈ ਹੈ, ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।Posted By: Akash Deep