ਨਵੀਂ ਦਿੱਲੀ (ਏਜੰਸੀਆਂ) : ਭਾਰਤ ਵਿਚ ਇਕ ਹੋਰ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਗੁਜਰਾਤ ਦੇ ਤੱਟ ਤੋਂ ਦੂਰ ਅਰਬ ਸਾਗਰ ਵਿਚ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ ਜਿਹੜਾ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਰਿਹਾ ਹੈ। ਇਹ ਤੂਫ਼ਾਨ 3 ਜੂਨ ਤਕ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟਾਂ ਨਾਲ ਟਕਰਾ ਸਕਦਾ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਡਾ. ਮਿ੍ਤਯੁੰਜੇ ਮਹਾਪਾਤਰ ਨੇ ਕਿਹਾ ਕਿ ਇਸ ਚੱਕਰਵਾਤੀ ਤੂਫ਼ਾਨ ਕਾਰਨ ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿਚ 3 ਅਤੇ 4 ਜੂਨ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਆਈਐੱਮਡੀ ਨੇ ਟਵੀਟ ਕੀਤਾ, 'ਦੱਖਣੀ ਪੂਰਬੀ ਅਤੇ ਉਸ ਦੇ ਨੇੜਲੇ ਪੂਰਬੀ ਮੱਧ ਅਰਬ ਸਾਗਰ ਅਤੇ ਲਕਸ਼ਦੀਪ ਦੇ ਉੱਪਰ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ। ਅਗਲੇ 24 ਘੰਟੇ ਦੌਰਾਨ ਇਹ ਪੂਰਬੀ-ਮੱਧ ਅਤੇ ਨੇੜਲੇ ਦੱਖਣ-ਪੂਰਬੀ ਅਰਬ ਸਾਗਰ ਦੇ ਉੱਪਰ ਮੌਸਮੀ ਗੜਬੜੀ ਵਿਚ ਬਦਲੇਗਾ ਅਤੇ ਉਸ ਦੇ ਅਗਲੇ 24 ਘੰਟੇ ਵਿਚ ਇਹ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਲਵੇਗਾ।'

ਅੰਫਾਨ ਤੂਫ਼ਾਨ ਨੇ ਮਚਾਈ ਸੀ ਭਾਰੀ ਤਬਾਹੀ

ਮਹਾਰਾਸ਼ਟਰ ਅਤੇ ਗੁਜਰਾਤ ਵਿਚ ਚੱਕਰਵਾਤੀ ਤੂਫ਼ਾਨ ਦਾ ਇਹ ਖ਼ਤਰਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ, ਜਦਕਿ ਹਾਲੇ ਕੁਝ ਦਿਨ ਪਹਿਲਾਂ ਹੀ ਬੰਗਾਲ ਦੀ ਖਾੜੀ ਵਿਚ ਪੈਦਾ ਹੋਏ ਸੁਪਰ ਚੱਕਰਵਾਤੀ ਤੂਫ਼ਾਨ ਅੰਫਾਨ ਨੇ ਬੰਗਾਲ ਅਤੇ ਓਡੀਸ਼ਾ ਵਿਚ ਭਾਰੀ ਤਬਾਹੀ ਮਚਾਈ ਸੀ। ਕੋਲਕਾਤਾ ਵਿਚ ਕਈ ਦਰੱਖਤ ਉੱਖੜ ਗਏ ਸਨ ਅਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ। ਹਾਲਾਤ ਇਸ ਕਦਰ ਵਿਗੜੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਬੰਗਾਲ ਅਤੇ ਓਡੀਸ਼ਾ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ।

ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਸਲਾਹ

ਮੌਸਮ ਵਿਭਾਗ ਨੇ ਗੁਜਰਾਤ ਦੇ ਮਛੇਰਿਆਂ ਨੂੰ 4 ਜੂਨ ਤਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਸਮੁੰਦਰ ਵਿਚ ਗਏ ਮਛੇਰਿਆਂ ਨੂੰ ਵੀ ਐਤਵਾਰ ਸ਼ਾਮ ਤਕ ਪਰਤ ਆਉਣ ਲਈ ਕਿਹਾ ਸੀ। ਆਈਐੱਮਡੀ ਦੇ ਅਹਿਮਦਾਬਾਦ ਕੇਂਦਰ ਨੇ ਉੱਤਰ ਅਤੇ ਦੱਖਣੀ ਗੁਜਰਾਤ ਦੀਆਂ ਸਾਰੀਆਂ ਬੰਦਰਗਾਹਾਂ ਲਈ ਅਲਰਟ ਜਾਰੀ ਕੀਤਾ ਹੈ। 4 ਜੂਨ ਤਕ ਇਨ੍ਹਾਂ ਇਲਾਕਿਆਂ ਵਿਚ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਉਸ ਦੇ 176 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਸਮੁੰਦਰ ਖ਼ਤਰਨਾਕ ਰੂਪ ਲੈ ਸਕਦਾ ਹੈ।

ਅੱਜ ਕੇਰਲ 'ਚ ਦਸਤਕ ਦੇ ਸਕਦਾ ਹੈ ਮੌਨਸੂਨ : ਆਈਐੱਮਡੀ

ਆਈਐੱਮਡੀ ਦੇ ਡਾਇਰੈਕਟਰ ਜਨਲਲ ਡਾ. ਮਿ੍ਤਯੁੰਜੇ ਮਹਾਪਾਤਰ ਨੇ ਐਤਵਾਰ ਨੂੰ ਕਿਹਾ ਕਿ ਪਹਿਲੀ ਜੂਨ ਤਕ ਮੌਨਸੂਨ ਦੇ ਕੇਰਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਹਾਲੇ ਤਕ ਮੌਨਸੂਨ ਕੇਰਲ ਕੋਲ ਪੁੱਜਾ ਨਹੀਂ ਹੈ। ਸੋਮਵਾਰ ਤਕ ਅਨੁਕੂਲ ਹਾਲਾਤ ਬਣਨ ਦੀ ਉਮੀਦ ਹੈ, ਉਸ ਤੋਂ ਬਾਅਦ ਹੀ ਸਪੱਸ਼ਟ ਰੂਪ ਨਾਲ ਮੌਨਸੂਨ ਦੇ ਕੇਰਲ ਪੁੱਜਣ ਦੇ ਬਾਰੇ ਵਿਚ ਕੁਝ ਕਿਹਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਿਹਾ ਸੀ ਕਿ ਪਹਿਲੀ ਜੂਨ ਨੂੰ ਮੌਨਸੂਨ ਕੇਰਲ ਪੁੱਜ ਜਾਵੇਗਾ। ਡਾ. ਮਹਾਪਾਤਰ ਨੇ ਦੱਸਿਆ ਕਿ 15 ਅਪ੍ਰਰੈਲ ਨੂੰ ਜਾਰੀ ਮੌਸਮ ਦੇ ਪੂਰਵ ਅਨੁਮਾਨ ਵਿਚ ਆਮ ਮੌਨਸੂਨ ਨਾਲ ਸਤੰਬਰ ਤਕ 100 ਫ਼ੀਸਦੀ ਬਾਰਿਸ਼ ਦੀ ਉਮੀਦ ਪ੍ਰਗਟਾਈ ਗਈ ਸੀ, ਪਰ ਹੁਣ ਵਿਭਾਗ ਮੌਸਮ ਨੂੰ ਲੈ ਕੇ ਦੂਜਾ ਪੂਰਵ ਅਨੁਮਾਨ ਸੋਮਵਾਰ ਨੂੰ ਜਾਰੀ ਕਰੇਗਾ।