ਨਵੀਂ ਦਿੱਲੀ, ਏਜੰਸੀ : ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਮੌਸਮ ਵਿਭਾਗ ਦੀ ਇਕ ਚੇਤਾਵਨੀ ਨੇ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਮੌਸਮ ਵਿਭਾਗ ਨੇ ਦੱਸਿਆ ਹੈ ਕਿ ਕੱਲ ਸ਼ਾਮ (16 ਮਈ) ਨੂੰ ਬੰਗਾਲ ਦੀ ਖਾੜੀ ਤੋਂ ਇਕ ਚੱਕਰਵਾਤੀ ਤੂਫਾਨ ਅਮਫਨ (Amphan) ਆਵੇਗਾ, ਜਿਸ ਕਾਰਨ ਅੰਡੇਮਾਨ ਅਤੇ ਨਿਕੋਬਾਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਭਾਰੀ ਮੀਂਹ ਪੈ ਸਕਦਾ ਹੈ। ਇਸ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਦੇਸ਼ ਦੇ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਦੇ ਅਲਰਟ ਮੁਤਾਬਕ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿਚ ਅੱਜ ਅਤੇ ਕੱਲ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।ਮਛੇਰਿਆਂ ਨੂੰ ਬੰਗਾਲ ਦੀ ਖਾੜੀ ਦੇ ਦੱਖਣ ਅਤੇ ਕੇਂਦਰੀ ਖੇਤਰਾਂ ਵਿਚ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਸਮੁੰਦਰ ਦੇ ਇਨ੍ਹਾਂ ਇਲਾਕਿਆਂ ਵਿਚ ਗਏ ਮਛੇਰਿਆਂ ਨੂੰ ਵੀ ਤੁਰੰਤ ਵਾਪਸ ਆਉਣ ਦੀ ਹਦਾਇਤ ਕੀਤੀ ਗਈ ਹੈ। ਇਸਦੇ ਨਾਲ ਹੀ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿਚ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਬਾਰੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸੂਬੇ ਦੇ ਤੱਟਵਰਤੀ ਇਲਾਕਿਆਂ ਵਿਚ ਅਗਲੇ 2-3 ਦਿਨਾਂ ਵਿਚ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਵੀਰਵਾਰ ਤੋਂ ਪਹਿਲਾਂ, ਦਿੱਲੀ ਐੱਨਸੀਆਰ ਵਿਚ ਤੂਫਾਨ, ਮੀਂਹ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਬਦਲ ਗਿਆ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਐੱਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਤੂਫਾਨ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਸੂਬਿਆਂ ਨੂੰ ਵੀ ਕੀਤਾ ਗਿਆ ਅਲਰਟ

ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦੇਸ਼ ਵਿਚ ਵੈਸਟਰਨ ਡਿਸਟ੍ਰਬੈਂਸ ਐਕਟੀਵ ਹੈ। ਇਸ ਕਾਰਨ ਦੇਸ਼ ਦੇ ਪਹਾੜੀ ਖੇਤਰਾਂ ਜਿਵੇਂ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਨਾਲ-ਨਾਲ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਮੌਸਮ ਖ਼ਰਾਬ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸਾਵਧਾਨ ਰਹਿਣ ਤੇ ਘਰਾਂ ਤੋਂ ਬਾਹਰ ਨਾ ਆਉਣ।

ਇਨ੍ਹਾਂ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਦੇ ਅਨੁਸਾਰ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਦੇ ਕੁਝ ਹਿੱਸਿਆਂ ਵਿਚ ਅੱਜ ਅਤੇ ਕੱਲ ਉਥੇ ਹੀ ਤੱਟਵਰਤੀ ਓਡੀਸ਼ਾ ਦੇ ਕੁਝ ਹਿੱਸਿਆਂ ਵਿਚ ਮੰਗਲਵਾਰ ਨੂੰ ਅਤੇ ਅਗਲੇ ਹਫਤੇ ਬੁੱਧਵਾਰ ਨੂੰ ਪੱਛਮੀ ਬੰਗਾਲ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਥੇ ਹੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਅਤੇ ਆਸ-ਪਾਸ ਦੇ ਕਈ ਹਿੱਸਿਆਂ ਵਿਚ ਧੂੜ ਭਰੀ ਹਨ੍ਹੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮਛੇਰਿਆਂ ਨੂੰ ਵੀ ਕੀਤਾ ਗਿਆ ਸੁਚੇਤ

ਆਈਐੱਮਡੀ ਨੇ ਕਿਹਾ ਕਿ ਇਨ੍ਹਾਂ ਸਾਰੇ ਸਮੁੰਦਰੀ ਕੰਢਿਆਂ ਲਈ ਮਛੇਰਿਆਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਅਤੇ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਖੇਤਰਾਂ ਵਿੱਚ ਤੱਟ ਤੋਂ ਬਾਹਰ ਹਨ ਉਨ੍ਹਾਂ ਨੂੰ ਕੱਲ੍ਹ ਤੱਕ ਸਮੁੰਦਰੀ ਕੰਢਿਆਂ 'ਤੇ ਵਾਪਸ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਅੱਗੇ ਲਈ ਵੀ ਚਿਤਾਵਨੀ ਦਿੱਤੀ ਗਈ ਹੈ।

ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿਚ ਵੀਰਵਾਰ ਨੂੰ ਤੂਫਾਨ ਅਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਈ।ਪੱਛਮੀ ਗੜਬੜੀ ਕਾਰਨ ਬਿਹਾਰ, ਬੰਗਾਲ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਹਨ੍ਹੇਰੀ, ਤੂਫਾਨ ਅਤੇ ਗੜੇਮਾਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

Posted By: Sunil Thapa