ਨਵੀਂ ਦਿੱਲੀ, ਏਜੰਸੀਆਂ : ਚੱਕਰਵਾਤ ਨਿਸਰਗ ਨੇ ਅੱਜ ਸਵੇਰੇ ਖ਼ਤਰਨਾਕ ਰੂਪ ਧਾਰਨ ਕਰ ਲਿਆ। ਅੱਜ ਦੁਪਹਿਰੇ ਇਕ ਵਜੇ ਤੇ ਸ਼ਾਮ 4 ਵਜੇ ਦੇ ਵਿਚਕਾਰ ਮਹਾਰਾਸ਼ਟਰ ਦੇ ਉੱਤਰੀ ਤੱਟ 'ਤੇ ਜ਼ਮੀਨ ਨਾਲ ਟਕਰਾਏਗਾ। ਇਸ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿੱਲੋਮੀਟਰ ਪ੍ਰਤੀ ਘੰਟਾ ਰਹੇਗੀ। ਸਭ ਤੋਂ ਜ਼ਿਆਦਾ ਇਸ ਦਾ ਅਸਰ ਮੁੰਬਈ, ਠਾਣੇ ਤੇ ਰਾਏਗੜ੍ਹ 'ਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਮ੍ਰਿਤੂੰਜਯ ਮਹਾਪਾਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਵਿਭਾਗ ਮੁੰਬਈ ਤੋਂ 200 ਕਿੱਲੋਮੀਟਰ ਦੀ ਦੂਰੀ 'ਤੇ ਹੈ। ਪਣਜੀ ਸ਼ਹਿਰ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਗੋਆ ਲਈ ਜ਼ਿਆਦਾਤਰ ਇਲਾਕਿਆਂ 'ਚ ਅੱਜ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਅੱਜ ਦੁਪਹਿਰੇ 1-3 ਵਜੇ ਦੇ ਵਿਚਕਾਰ ਹੋਵੇਗਾ ਲੈਂਡਫਾਲ

IMD ਮੁੰਬਈ ਦੀ ਵਿਗਿਆਨਕ ਸ਼ੁਭਾਂਗੀ ਭੂਟੇ ਨੇ ਅਨੁਸਾਰ ਪੂਰੇ ਰਾਇਗੜ੍ਹ, ਮੁੰਬਈ, ਠਾਣੇ, ਪਾਲਘਰ 'ਚ ਜ਼ਬਰਦਸਤ ਬਾਰਿਸ਼ ਦੀ ਸੰਭਾਵਨਾ ਹੈ। ਅੱਜ ਦੁਪਹਿਰੇ 1-4 ਵਜੇ ਦੇ ਵਿਚਕਾਰ ਇਹ ਅਲੀਬਾਗ਼ ਦੇ ਦੱਖਣ 'ਚ ਜ਼ਮੀਨ ਨਾਲ ਟਕਰਾਏਗਾ। ਹਵਾ ਦੀ ਰਫ਼ਤਾਰ 100-120 ਕਿੱਲੋਮੀਟਰ ਪ੍ਰਤੀ ਘੰਟਾ ਰਹੇਗੀ।

ਚੱਕਰਵਾਤ ਨਿਸਰਗ ਤੇਜ਼ੀ ਨਾਲ ਮਹਾਰਾਸ਼ਟਰ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਿਕ ਇਹ ਮੁੰਬਈ ਤੋਂ 200 ਕਿੱਲੋਮੀਟਰ ਦੱਖਣੀ-ਦੱਖਣੀ ਪੱਛਮ 'ਚ ਕੇਂਦ੍ਰਿਤ ਹੈ। ਇਸ ਕਾਰਨ ਅਗਲੇ 24 ਘੰਟਿਆਂ ਦੌਰਾਨ ਉੱਤਰੀ ਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹੇ) ਅਤੇ ਉੱਤਰੀ ਮੱਧ ਮਹਾਰਾਸ਼ਟਰ 'ਚ ਜ਼ਬਰਦਸਤ ਬਾਰਿਸ਼ ਦਾ ਅਨੁਮਾਨ ਹੈ। ਇਸੇ ਦੌਰਾਨ ਉੱਤਰੀ ਰਤਨਾਗਿਰੀ 'ਚ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ। ਚੱਕਰਵਾਤ ਨਿਸਰਗ ਦੇ ਮੱਦੇਨਜ਼ਰ ਮੁੰਬਈ 'ਚ ਸੀਆਰਪੀਸੀ ਦੀ ਧਾਰ 144 ਤਹਿਤ ਪਾਬੰਦੀਸ਼ੁਦਾ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਜਾਨ-ਮਾਲ ਨੂੰ ਖ਼ਤਰਾ ਨਾ ਹੋਵੇ। ਮੁੰਬਈ ਦੇ ਪੁਲਿਸ ਕਮਿਸ਼ਨਰ ਦਫ਼ਤਰ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਕੰਮ ਜਾਰੀ ਹੈ। ਐੱਨਡੀਆਰਪੀ ਦੀਆਂ ਟੀਮਾਂ ਨੇ ਅੱਜ ਸਵੇਰੇ ਕੋਲੀਵਾੜਾ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।

NDRF ਦੀਆਂ 15 ਟੀਮਾਂ ਤਾਇਨਾਤ

ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਕੌਮੀ ਆਫ਼ਤ ਪ੍ਰਤੀਕਿਰਿਆ ਬਲ (NDRF) ਦੀਆਂ 15 ਟੀਮਾਂ ਨੂੰ ਨਿਸਰਗ ਚੱਕਰਵਾਤ ਦੇ ਮੱਦੇਨਜ਼ਰ ਮਹਾਰਾਸ਼ਟਰ 'ਚ ਤਾਇਨਾਤ ਕੀਤਾ ਗਿਆ ਹੈ- ਮੁੰਬਈ 'ਚ ਤਿੰਨ ਟੀਮਾਂ, ਰਾਇਗੜ੍ਹ 'ਚ ਚਾਰ ਟੀਮਾਂ, ਪਾਲਘਰ, ਠਾਣੇ ਤੇ ਰਤਨਾਗਿਰੀ 'ਚ ਦੋ-ਦੋ ਟੀਮਾਂ ਤੇ ਇਕ-ਇਕ ਟੀਮ ਸਿੰਧੂਦੁਰਗ ਤੇ ਨਵੀ ਮੁੰਬਈ 'ਚ ਤਾਇਨਾਤ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਸੂਬਾ ਸਰਕਾਰ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਰਾਹਤ ਕੇਂਦਰਾਂ 'ਚ ਪਹੁੰਚ ਦਿੱਤਾ ਜਾਵੇਗਾ।

Posted By: Seema Anand