ਨਈ ਦੁਨੀਆ : ਅਰਬ ਸਾਗਰ ਉਪਰ ਬਣੇ ਘੱਟ ਦਬਾਅ ਵਾਲੇ ਖੇਤਰ ਨੇ ਚੱਕਰਵਾਤੀ ਤੂਫਾਨ ਦੀ ਸ਼ਕਲ ਲੈ ਲਈ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਇਹ ਨਿਸਰਗਾ ਚੱਕਰਵਾਤੀ ਤੂਫ਼ਾਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਬੁੱਧਵਾਰ ਦੁਪਹਿਰ ਤਕ ਨਾਰਥ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਸਮੁੰਦਰੀ ਤੱਟ ਨੂੰ ਪਾਰ ਕਰ ਜਾਵੇਗਾ। Cyclone Nisarga ਕਾਰਨ ਮੁੰਬਈ ਵਿਚ ਕਈ ਥਾਈਂ ਮੀਂਹ ਪੈ ਰਿਹਾ ਹੈ। ਖਦਸ਼ਾ ਹੈ ਕਿ ਅਗਲੇ ਦੋ ਦਿਨਾਂ ਵਿਚ ਇਹ ਚੱਕਰਵਾਤ ਪੱਛਮੀ ਤੱਟਾਂ ਤੋਂ ਲੰਘਦੇ ਹੋਏ ਲਗਪਗ 100 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟਾਂ ਨਾਲ ਟਕਰਾਏਗਾ। ਇਸ ਕਾਰਨ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ Cyclone Nisarga ਲਗਪਗ 90 ਤੋਂ 100 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੱਟਾਂ ਨਾਲ ਟਕਰਾਏਗਾ। ਇਸ ਕਾਰਨ 3 ਅਤੇ 4 ਜੂਨ ਨੂੰ ਦੱਖਣੀ ਗੁਜਰਾਤ ਦੇ ਨਾਲ ਹੀ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਵੇਗਾ।

ਮਹਾਰਾਸ਼ਟਰ ਵਿਚ ਮੁੰਬਈ ਸਮੇਤ ਸਿੰਧਦੁਰਗ, ਰਤਨਾਗਿਰੀ, ਠਾਣੇ, ਰਾਏਗੜ੍ਹ ਅਤੇ ਪਾਲਘਰ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ।

ਗੁਜਰਾਤ ਵਿਚ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਗਾਂਧੀਨਗਰ ਵਿਚ ਉਚ ਪੱਧਰੀ ਮੀਟਿੰਗ ਕਰਕੇ ਇਸ ਤੂਫਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਤਰੀ ਗੁਜਰਾਤ ਦੇ ਪੰਜ ਜ਼ਿਲ੍ਹਿਆਂ ਅਤੇ ਭਾਵਨਗਰ ਅਤੇ ਅਮਰੇਲੀ ਜ਼ਿਲ੍ਹੇ ਵਿਚ ਐਨਡੀਆਰਐਫ ਦੀਆਂ 10 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ 3 ਅਤੇ 4 ਜੂਨ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਮਛੇਰਿਆਂ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ।

Posted By: Tejinder Thind