ਨਈ ਦੁਨੀਆ, ਨਵੀਂ ਦਿੱਲੀ : ਅਰਬ ਸਾਗਰ 'ਚ ਉੱਠਿਆ Cyclone Nisarga ਤੇਜ਼ੀ ਨਾਲ ਮੁੰਬਈ ਤੇ ਗੁਜਰਾਤ ਵੱਲ ਵਧ ਰਿਹਾ ਹੈ ਤੇ ਇਸ ਸਬੰਧੀ ਤਿਆਰੀ ਵੀ ਕੀਤੀ ਜਾ ਚੁੱਕੀ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਮੁੰਬਈ ਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਭਾਰੀ ਤਬਾਹੀ ਮਚਾ ਸਕਦਾ ਹੈ। ਇਸ ਤੋਂ ਬਾਅਦ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਮੁੰਬਈ ਨੂੰ ਡਰਾਉਣ ਵਾਲੇ ਇਸ Cyclone Nisarga ਦਾ ਮਤਲਬ ਕੀ ਤੁਸੀਂ ਜਾਣਦੇ ਹੋ? ਨਾਲ ਹੀ ਇਹ ਨਾਂ ਇਸ ਨੂੰ ਕਿਸ ਨੇ ਦਿੱਤਾ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ।

ਅਸਲ ਵਿਚ Cyclone ਨੂੰ Nisarga ਨਾਂ ਮਿਲਿਆ ਹੈ। ਨਿਸਰਗ ਦਾ ਅਰਥ ਕੁਦਰਤ ਹੁੰਦਾ ਹੈ ਤੇ ਇਹ ਨਾਂ ਬੰਗਲਾਦੇਸ਼ ਨੇ ਦਿੱਤਾ ਹੈ। ਚੱਕਰਵਾਤਾਂ ਦੇ ਨਾਂ ਵਿਗਿਆਨੀਆਂ ਤੇ ਆਫ਼ਤ ਪ੍ਰਬੰਧਕਾਂ ਨੂੰ ਉਸ ਦੀ ਪਛਾਣ ਕਰਨ, ਜਾਗਰੂਕਤਾ ਪੈਦਾ ਕਰਨ ਤੇ ਲੋਕਾਂ ਵਿਚਕਾਰ ਵੱਡੇ ਤੇ ਅਸਰਦਾਰ ਤਰੀਕੇ ਨਾਲ ਚਿਤਾਵਨੀ ਪ੍ਰਸਾਰਿਤ ਕਰਨ 'ਚ ਮਦਦ ਲਈ ਦਿੱਤੇ ਜਾਂਦੇ ਹਨ।

ਇੰਝ ਤੈਅ ਹੁੰਦੇ ਹਨ ਨਾਂ

ਅਸਲ ਵਿਚ, ਬੰਗਾਲ ਦੀ ਖਾੜੀ ਤੇ ਅਰਬ ਸਾਗਰ 'ਚ ਉੱਠਣ ਵਾਲੇ ਚੱਕਰਵਾਤਾਂ ਨੂੰ ਨਾਂ ਦੇਣ ਦੀ ਸ਼ੁਰੂਆਤ ਸਾਲ 2000 'ਚ ਹੋਈ ਸੀ ਤੇ 2004 'ਚ ਇਸ ਦੇ ਲਈ ਇਕ ਫਾਰਮੂਲਾ ਮਨਜ਼ੂਰ ਕੀਤਾ ਗਿਆ ਸੀ। ਸਾਲ 2000 'ਚ ਵਿਸ਼ਵ ਮੌਸਮ ਵਿਗਿਆਨ ਸੰਗਠਨ ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਲਈ ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਕਮਿਸ਼ਨ ਦੇ 27ਵੇਂ ਸੈਸ਼ਨ 'ਚ ਇਸ ਸਬੰਧੀ ਸਹਿਮਤੀ ਬਣੀ ਸੀ। ਨਾਂ ਦੇਣ ਲਈ ਗਠਿਤ ਪੈਨਲ 'ਚ ਇਨ੍ਹੀਂ ਦਿਨੀਂ ਸਮੁੰਦਰ ਕੰਢੇ ਵੱਸੇ 13 ਦੇਸ਼- ਭਾਰਤ, ਬੰਗਲਾਦੇਸ਼, ਮਾਲਦੀਵ, ਮਿਆਂਮਾਰ, ਓਮਾਨ, ਪਾਕਿਸਤਾਨ, ਸ੍ਰੀਲੰਕਾ, ਥਾਈਲੈਂਡ, ਈਰਾਨ, ਕਤਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਯਮਨ ਇਸ ਵਿਚ ਸ਼ਾਮਲ ਹਨ।

ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਅਪ੍ਰੈਲ 2020 'ਚ 160 ਨਾਵਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿਚ ਇਨ੍ਹਾਂ ਸਾਰੇ 13 ਦੇਸ਼ਾਂ ਦੇ ਸੁਝਾਏ ਨਾਂ ਸ਼ਾਮਲ ਹਨ। ਨਵੀਂ ਸੂਚੀ 'ਚ ਨਿਸਰਗ ਤੋਂ ਇਲਾਵਾ ਅਰਣਬ, ਆਗ, ਵਯੋਮ, ਅਜਰ, ਪ੍ਰਭੰਜਨ, ਤੇਜ, ਗਤੀ ਆਦਿ ਨਾਂ ਸ਼ਾਮਲ ਹਨ। ਨਵੀਂ ਸੂਚੀ 'ਚ ਪੁਰਾਣੀ ਸੂਚੀ ਤੋਂ ਆਖ਼ਿਰੀ ਨਾਂ ਅੰਫਾਨ ਸ਼ਾਮਲ ਕੀਤਾ ਗਿਆ ਸੀ ਜਿਸ ਨੂੰ ਬੀਤੇ ਦਿਨੀਂ ਬੰਗਾਲ ਦੀ ਖਾੜੀ 'ਚ ਉੱਠੇ ਤੂਫ਼ਾਨ ਦਾ ਨਾਂ ਦਿੱਤਾ ਗਿਆ।

Posted By: Seema Anand