ਨਵੀਂ ਦਿੱਲੀ, ਪੀਟੀਆਈ : ਦਿੱਲੀ ਏਮਜ਼ ਸਰਵਰ 'ਤੇ ਸਾਈਬਰ ਹਮਲੇ ਤੋਂ ਬਾਅਦ ਹੁਣ ਹੈਕਰਾਂ ਨੇ ICMR ਦੀ ਵੈੱਬਸਾਈਟ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੈਕਰਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ 30 ਨਵੰਬਰ ਨੂੰ ਹਾਂਗਕਾਂਗ ਦੇ ਹੈਕਰਾਂ ਨੇ 24 ਘੰਟਿਆਂ 'ਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਵੈੱਬਸਾਈਟ 'ਤੇ ਕਰੀਬ 6000 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਹਮਲੇ ਇੱਕ ਕਥਿਤ ਰੈਨਸਮਵੇਅਰ ਹਮਲੇ ਤੋਂ ਬਾਅਦ ਆਏ ਹਨ, ਜਿਸ ਨੇ ਏਮਜ਼ ਦੀਆਂ ਆਨਲਾਈਨ ਸੇਵਾਵਾਂ ਨੂੰ ਰੋਕ ਦਿੱਤਾ ਸੀ।

ਹੈਕਰਾਂ ਦੇ ਮਨਸੂਬੇ ਨਹੀਂ ਹੋਏ ਕਾਮਯਾਬ

ਅਧਿਕਾਰੀਆਂ ਮੁਤਾਬਕ, "ICMR ਦੀ ਵੈੱਬਸਾਈਟ ਦੀ ਸਮੱਗਰੀ ਸੁਰੱਖਿਅਤ ਹੈ। ਸਾਈਟ NIC ਡਾਟਾ ਸੈਂਟਰ 'ਤੇ ਹੋਸਟ ਕੀਤੀ ਗਈ ਹੈ, ਇਸ ਲਈ ਫਾਇਰਵਾਲ NIC ਤੋਂ ਹੈ, ਜਿਸ ਨੂੰ ਉਹ ਨਿਯਮਿਤ ਤੌਰ 'ਤੇ ਅਪਡੇਟ ਕਰਦੇ ਹਨ। ਹਮਲੇ ਨੂੰ ਸਫਲਤਾਪੂਰਵਕ ਰੋਕਿਆ ਗਿਆ ਹੈ।" ਉਨ੍ਹਾਂ ਕਿਹਾ ਕਿ ਸਾਈਬਰ ਹਮਲਾਵਰਾਂ ਨੂੰ ਰੋਕਿਆ ਗਿਆ ਸੀ ਅਤੇ ਉਹ ਆਪਣੀ ਯੋਜਨਾ ਵਿੱਚ ਕਾਮਯਾਬ ਨਹੀਂ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਚੌਕਸੀ ਵਰਤੀ ਜਾ ਰਹੀ ਹੈ।

2020 ਤੋਂ ਵਧੇ ਹਨ ਸਾਈਬਰ ਹਮਲੇ

ਇਸ ਦੌਰਾਨ ਇੱਥੇ ਇਹ ਵੀ ਦੱਸ ਦੇਈਏ ਕਿ ਵਧਦੇ ਸਾਈਬਰ ਹਮਲਿਆਂ ਦੇ ਮੱਦੇਨਜ਼ਰ ਸਰਕਾਰੀ ਸੰਸਥਾਵਾਂ ਨੂੰ ਆਪਰੇਟਿੰਗ ਸਿਸਟਮ ਦੇ ਸੁਰੱਖਿਆ ਪੈਚ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਹਤ ਸੰਭਾਲ ਸੰਸਥਾਵਾਂ ਵਿੱਚ ਰੋਗੀ ਸੂਚਨਾ ਪ੍ਰਣਾਲੀਆਂ ਹੈਕਰਾਂ ਲਈ ਚੋਟੀ ਦੇ ਸੰਭਾਵੀ ਟੀਚਿਆਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ, ''2020 ਤੋਂ ਸਿਹਤ ਸੰਗਠਨ ਦੀ ਵੈੱਬਸਾਈਟ 'ਤੇ ਸਾਈਬਰ ਹਮਲੇ ਵਧ ਰਹੇ ਹਨ।

Posted By: Shubham Kumar