ਜਾਗਰਣ ਬਿਊਰੋ, ਨਵੀਂ ਦਿੱਲੀ : ਕਾਸ਼ਤਕਾਰੀ ਨਾਲ ਜੁੜੇ ਬਿੱਲਾਂ ਨੂੰ ਲੈ ਕੇ ਤੇਜ਼ ਰਾਜਨੀਤੀ ਤੇ ਕੁਝ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਕ ਵਾਰ ਮੁੜ ਕਿਸਾਨਾਂ ਦਰਮਿਆਨ ਇਨ੍ਹਾਂ ਬਿੱਲਾਂ ਨੂੰ ਲੈ ਕੇ ਫੈਲਾਏ ਜਾ ਰਹੇ ਭਰਮ-ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ।

ਨਾਲ ਹੀ ਮੰਡੀ ਕਾਨੂੰਨ ਦੀਆਂ ਬੰਦਿਸ਼ਾਂ ਨੂੰ ਤੋੜ ਕੇ ਬਾਹਰ ਨਿਕਲੇ ਕਿਸਾਨਾਂ ਦੀ ਸਫਲਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਸ਼ਤਕਾਰੀ ਖੇਤਰ, ਸਾਡੇ ਕਿਸਾਨ ਤੇ ਪਿੰਡ ਹੀ ਆਤਮਨਿਰਭਰ ਭਾਰਤ ਦੇ ਆਧਾਰ ਹਨ। ਇਹ ਮਜ਼ਬੂਤ ਹੋਣਗੇ ਤਾਂ ਹੀ ਆਤਮਨਿਰਭਰ ਭਾਰਤ ਦੀ ਨੀਂਹ ਵੀ ਮਜ਼ਬੂਤ ਹੋਵੇਗੀ।

ਮੋਦੀ ਐਤਵਾਰ ਨੂੰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਦੌਰਾਨ ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ ਤੇ ਤਾਮਿਲਨਾਡੂ ਦੇ ਕਿਸਾਨਾਂ ਨਾਲ ਜੁੜੇ ਕੁਝ ਰੌਚਕ ਕਿੱਸੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੂਬਿਆਂ ਵਿਚ ਫਲ ਤੇ ਸਬਜ਼ੀਆਂ ਨੂੰ ਮੰਡੀ ਕਾਨੂੰਨ ਦੀਆਂ ਬੰਦਿਸ਼ਾਂ ਤੋਂ ਮੁਕਤ ਕਰਨ ਪਿੱਛੋਂ ਕਿਸਾਨਾਂ ਨੂੰ ਜ਼ਬਰਦਸਤ ਫ਼ਾਇਦਾ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਆਪਣੇ ਫਲ-ਸਬਜ਼ੀਆਂ ਨੂੰ ਕਿਤੇ ਵੀ ਕਿਸੇ ਨੂੰ ਵੀ ਵੇਚਣ ਦੀ ਤਾਕਤ ਹੈ। ਹੁਣ ਇਹੀ ਤਾਕਤ ਦੇਸ਼ ਦੇ ਦੂਜੇ ਕਿਸਾਨਾਂ ਨੂੰ ਵੀ ਮਿਲੀ ਹੈ। ਇਸ ਵਿਚ ਸਿਰਫ਼ ਫਲ ਜਾਂ ਸਬਜ਼ੀਆਂ ਹੀ ਨਹੀਂ ਬਲਕਿ ਆਪਣੇ ਖੇਤਰਾਂ ਵਿਚ ਜੋ ਵੀ ਪੈਦਾ ਕਰ ਰਹੇ ਹਨ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਜਿੱਥੇ ਜ਼ਿਆਦਾ ਕੀਮਤ ਮਿਲੇ ਉੱਥੇ ਵੇਚਣ ਦੀ ਆਜ਼ਾਦੀ ਮਿਲ ਗਈ ਹੈ। ਇਸ ਵਿਚ ਝੋਨਾ, ਕਣਕ, ਸਰ੍ਹੋਂ ਜਾਂ ਗੰਨਾ ਸਭ ਕੁਝ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕਿਸਾਨਾਂ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕਹਾਵਤ ਮਸ਼ਹੂਰ ਹੈ ਕਿ ਤੂਫ਼ਾਨਾਂ 'ਚ ਵੀ ਅਡਿੱਗ ਰਹਿੰਦਾ ਹੈ। ਕੋਰੋੋਨਾ ਦੇ ਇਸ ਅੌਖੇ ਸਮੇਂ ਵਿਚ ਵੀ ਸਾਡਾ ਕਾਸ਼ਤਕਾਰੀ ਖੇਤਰ ਤੇ ਕਿਸਾਨ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ।

ਕਾਂਗਰਸ 'ਤੇ ਕੱਸਿਆ ਤਨਜ਼

ਸਰਕਾਰ ਨੇ ਹਾਲ ਹੀ ਵਿਚ ਮੰਡੀ ਕਾਨੂੰਨ ਸਮੇਤ ਕਾਸ਼ਤਕਾਰੀ ਖੇਤਰ ਨਾਲ ਜੁੜੇ ਤਿੰਨ ਬਿੱਲਾਂ ਨੂੰ ਸੰਸਦ ਵਿਚੋਂ ਪਾਸ ਕਰਵਾਇਆ ਹੈ। ਇਕ ਵਰਗ ਉਦੋਂ ਤੋਂ ਹੀ ਇਸ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੇ ਪਿਛਲੀਆਂ ਕਾਂਗਰਸ ਸਰਕਾਰਾਂ 'ਤੇ ਵੀ ਅਸਿੱਧਾ ਤਨਜ਼ ਕੱਸਿਆ ਤੇ ਕਿਹਾ ਕਿ ਮਹਾਤਮਾ ਗਾਂਧੀ ਦੇ ਆਰਥਿਕ ਚਿੰਤਨ ਨੂੰ ਜੇ ਸਹੀ ਸਮੇਂ 'ਤੇ ਉਤਾਰਿਆ ਗਿਆ ਹੁੰਦਾ ਤਾਂ ਅੱਜ ਆਤਮਨਿਰਭਰ ਭਾਰਤ ਮੁਹਿੰਮ ਚਲਾਉਣ ਦੀ ਲੋੜ ਨਾ ਪੈਂਦੀ।

ਭਗਤ ਸਿੰਘ ਨੂੰ ਕੀਤਾ ਯਾਦ

'ਮਨ ਕੀ ਬਾਤ' ਪ੍ਰਰੋਗਰਾਮ 'ਚ ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦਾ ਤੇ ਉਨ੍ਹਾਂ ਦੇ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਸੀ। 29 ਸਤੰਬਰ ਨੂੰ ਅਸੀਂ ਉਨ੍ਹਾਂ ਦੀ ਜੈਅੰਤੀ ਮਨਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਲ ਬਹਾਦਰ ਸ਼ਾਸਤਰੀ, ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਤੇ ਨਾਨਾਜੀ ਦੇਸ਼ਮੁੱਖ ਨੂੰ ਵੀ ਯਾਦ ਕੀਤਾ।

ਰਾਜਮਾਤਾ ਸਿੰਧੀਆ ਨਾਲ ਜੁੜੀ ਯਾਦ ਤਾਜ਼ਾ ਕੀਤੀ

ਮੋਦੀ ਨੇ ਰਾਜ ਮਾਤਾ ਵਿਜਿਆ ਰਾਜ ਸਿੰਧੀਆ ਜ਼ਿਕਰ ਕਰਦਿਆਂ ਗਵਾਲੀਅਰ-ਚੰਬਲ ਨਾਲ ਵੀ ਆਪਣੇ ਸਬੰਧ ਦਾ ਜ਼ਿਕਰ ਕੀਤਾ। ਬਹੁਤ ਭਾਵੁਕ ਤਰੀਕੇ ਨਾਲ ਉਨ੍ਹਾਂ ਰਾਜਮਾਤਾ ਨਾਲ ਜੂੜੀ ਇਕ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਕ ਡਾਕਟਰ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਿਚ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ ਏਕਤਾ ਯਾਤਰਾ ਲੈ ਕੇ ਨਿਕਲੇ ਸਨ। ਉਸ ਦੌਰਾਨ ਉਹ ਸ਼ਿਵਪੁਰੀ ਵੀ ਰੁਕੇ। ਸਰਦੀ ਵਿਚ ਉਹ ਉੱਥੇ ਪੁੱਜੇ ਸਨ। ਉਸ ਦੌਰਾਨ ਰਾਜਮਾਤਾ ਨੇ ਰਾਤ ਦੋ ਵਜੇ ਉਨ੍ਹਾਂ ਦਾ ਦਰਵਾਜ਼ਾ ਖੜਕਾ ਕੇ ਮਾਂ ਵਾਂਗ ਸਾਰਿਆਂ ਨੂੰ ਹਲਦੀ ਵਾਲਾ ਗਰਮ ਦੁੱਧ ਪਿਆਇਆ ਸੀ।