ਨਵੀਂ ਦਿੱਲੀ (ਏਜੰਸੀ) : ਸੀਐੱਸਆਈਆਰ ਦੇ ਬੰਗਾਲ ਸਥਿਤ ਸੈਂਟ੍ਲ ਮੈਕੇਨੀਕਲ ਰਿਸਰਚ ਇੰਸਟੀਚਿਊਟ (ਸੀਐੱਮਈਆਰਆਈ) ਨੇ ਹਵਾ ਤੋਂ ਆਕਸੀਜਨ ਨੂੰ ਵੱਖ ਕਰਨ ਵਾਲੀ ਡਿਵਾਈਸ ਤਿਆਰ ਕੀਤੀ ਹੈ। ਇਸ ਦਾ ਇਸਤੇਮਾਲ ਘਰਾਂ 'ਚ, ਉਚਾਈ ਵਾਲੇ ਇਲਾਕਿਆਂ 'ਚ ਤੇ ਦੂਰ ਦਰਾਜ ਦੇ ਇਲਾਕਿਆਂ 'ਚ ਕੀਤਾ ਜਾ ਸਕਦਾ ਹੈ। ਕੋਰੋਨਾ ਦੇ ਮਰੀਜ਼ਾਂ ਦੇ ਇਲਾਜ 'ਚ ਵੀ ਇਹ ਮਦਦਗਾਰ ਹੋ ਸਕਦਾ ਹੈ।

ਇਹ ਯੰਤਰ ਤੈਅ ਦਾਬ 'ਤੇ ਆਲੇ ਦੁਆਲੇ ਦੀ ਹਵਾ 'ਚ ਮੌਜੂਦ ਨਾਈਟ੍ਰੋਜਨ ਨੂੰ ਹਟਾ ਕੇ ਵਧੇਰੇ ਆਕਸੀਜਨ ਵਾਲੀ ਹਵਾ ਦੀ ਸਪਲਾਈ ਕਰਦਾ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੇ ਡਾਇਰੈਕਟਰ ਹਰੀਸ਼ ਹਿਰਾਨੀ ਨੇ ਕਿਹਾ ਕਿ ਆਮ ਇਸਤੇਮਾਲ ਦੇ ਨਾਲ-ਨਾਲ ਹਸਪਤਾਲਾਂ 'ਚ ਸੁਰੱਖਿਆ ਬਲਾਂ ਲਈ ਇਹ ਕਾਫੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਕੋਰੋਨਾ ਕਾਰਨ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਲਈ ਵੀ ਇਹ ਕਾਰਗਰ ਹੈ। ਇਸ ਦੀ ਮਦਦ ਨਾਲ ਮਰੀਜ਼ ਨੂੰ ਸੰਘਣੀ ਆਕਸੀਜਨ ਵਾਲੀ ਹਵਾ ਦੀ ਸਪਲਾਈ ਕੀਤੀ ਜਾਂਦੀ ਹੈ। ਫੇਫੜਿਆਂ ਦੀ ਗੰਭੀਰ ਬਿਮਾਰੀ ਸੀਓਪੀਡੀ ਤੇ ਕ੍ਰੋਨਿਕ ਹੋਈਪੋਕਸੇਮੀਆ ਦੇ ਮਰੀਜ਼ਾਂ 'ਤੇ ਵੀ ਇਹ ਬਹੁਤ ਕਾਰਗਰ ਹੈ। ਇਹ ਯੰਤਰ ਹਰ ਮਿੰਟ ਆਕਸੀਜਨ ਦੇ ਸੰਘਣੇਪਨ ਵਾਲੀ 30 ਲੀਟਰ ਹਵਾ ਦੀ ਸਪਲਾਈ ਕਰਨ 'ਚ ਸਮਰੱਥ ਹੈ। ਇਸ 'ਚ ਹੇਪਾ ਫਿਲਟਰ ਵੀ ਲੱਗਿਆ ਹੈ, ਜਿਸ ਨਾਲ ਹਵਾ 'ਚ ਮੌਜੂਦ ਪ੍ਰਦੂਸ਼ਣ ਦੇ ਕਣ ਵਾਇਰਸ ਤੇ ਬੈਕਟੀਰੀਆ ਵੀ ਹਟ ਜਾਂਦੇ ਹਨ।