20 ਫੁੱਟ ਲੰਬੀ ਸੁਰੰਗ ਬਣਾ ਕੇ ਡਾਕਟਰ ਦੇ ਘਰੋਂ ਚੋਰੀ ਕੀਤੀ ਕਰੋੜਾਂ ਦੀ ਚਾਂਦੀ
Publish Date:Sun, 28 Feb 2021 08:57 AM (IST)
ਜਾਗਰਣ ਟੀਮ, ਜੈਪੁਰ : ਜੈਪੁਰ 'ਚ ਫਿਲਮੀ ਸਟਾਈਲ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਇਕ ਡਾਕਟਰ ਦੇ ਘਰ ਕੋਲ ਪਹਿਲਾਂ 87 ਲੱਖ ਰੁਪਏ ਦਾ ਮਕਾਨ ਖਰੀਦਿਆ ਤੇ ਫਿਰ ਕਰੀਬ 15 ਫੁੱਟ ਡੂੰਘੀ ਤੇ 20 ਫੁੱਟ ਲੰਬੀ ਸੁਰੰਗ ਖੋਦ ਕੇ ਡਾਕਟਰ ਦੇ ਘਰ ਦੀ ਬੇਸਮੈਂਟ 'ਚ ਰੱਖੇ ਤਿੰਨ ਬਕਸਿਆਂ 'ਚ ਰੱਖੀ ਕਰੋੜਾਂ ਦੀ ਚਾਂਦੀ ਚੋਰੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਡਾਕਟਰ ਦੇ ਹੀ ਕਿਸੇ ਕਰੀਬੀ ਦਾ ਹੱਥ ਹੈ। ਇਕ ਵਿਅਕਤੀ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ। ਉਧਰ, ਇਨਕਮ ਟੈਕਸ ਵਿਭਾਗ ਸਮੇਤ ਕੁਝ ਹੋਰ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ, ਜੋ ਡਾਕਟਰ ਕੋਲੋਂ ਪੁੱਛਗਿੱਛ ਕਰ ਸਕਦੀਆਂ ਹਨ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਵੈਸ਼ਾਲੀ ਨਗਰ ਥਾਣਾ ਅਧੀਨ ਇਲਾਕੇ 'ਚ ਰਹਿੰਦੇ ਹੇਅਰ ਪਲਾਂਟ ਮਾਹਰ ਡਾਕਟਰ ਸੁਨੀਤ ਸੋਨੀ ਦੋ ਦਿਨ ਪਹਿਲਾਂ ਘਰ ਦੀ ਬੇਸਮੈਂਟ 'ਚ ਗਏ ਤਾਂ ਉਥੇ ਰੱਖੇ ਚਾਂਦੀ ਨਾਲ ਭਰੇ ਬਕਸੇ ਗਾਇਬ ਮਿਲੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ। ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਬੇਸਮੈਂਟ ਹੇਠਾਂ ਸੁਰੰਗ ਬਣਾ ਕੇ ਚੋਰੀ ਕੀਤੀ ਗਈ, ਜੋ ਡਾਕਟਰ ਦੇ ਘਰ ਦੇ ਪਿੱਛੇ ਇਕ ਮਕਾਨ ਦੇ ਕਮਰੇ ਤੋਂ ਖੋਦੀ ਗਈ ਹੈ। ਇਕ ਅਨੁਮਾਨ ਮੁਤਾਬਕ ਕਰੀਬ ਚਾਰ ਸੌ ਕਿੱਲੋ ਚਾਂਦੀ ਚੋਰੀ ਹੋਈ ਹੈ। ਉਧਰ, ਪੁਲਿਸ ਨੇ ਮਾਮਲੇ 'ਚ ਬਨਵਾਰੀ ਨੂੰ ਗਿ੍ਫ਼ਤਾਰ ਕੀਤਾ ਹੈ। ਦੱੱਸਿਆ ਜਾ ਰਿਹਾ ਹੈ ਬਨਵਾਰੀ ਨਾਂ 'ਤੇ ਹੀ ਉਕਤ ਮਕਾਨ ਖਰੀਦਿਆ ਗਿਆ ਸੀ। ਹਾਲਾਂਕਿ ਮਕਾਨ ਦਾ ਅਸਲੀ ਮਾਲਕ ਸਰਾਫਾ ਵਪਾਰੀ ਸ਼ਿਖਰ ਅੱਗਰਵਾਲ ਹੈ। ਅਜੇ ਉਹ ਵੀ ਗਾਇਬ ਹੈ।
Posted By: Susheel Khanna