ਨਵੀਂ ਦਿੱਲੀ (ਏਐੱਨਆਈ) : ਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਨੂੰ ਹੁਣ ਤਕ 100 ਕਰੋੜ ਰੁਪਏ ਦਾ ਦਾਨ ਮਿਲਿਆ ਹੈ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਨ ਨੂੰ ਲੈ ਕੇ ਡਾਟਾ ਅਜੇ ਹੈੱਡਕੁਆਰਟਰਾਂ ਤਕ ਨਹੀਂ ਪੁੱਜਾ ਹੈ ਪਰ ਵਰਕਰਾਂ ਤੋਂ ਰਿਪੋਰਟ ਮਿਲੀ ਹੈ ਕਿ ਇਸ ਪਵਿੱਤਰ ਕੰਮ ਲਈ 100 ਕਰੋੜ ਰੁਪਏ ਇਕੱਠੇ ਕਰ ਲਏ ਗਏ ਹਨ। ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਟਰੱਸਟ ਨੇ 15 ਜਨਵਰੀ ਤੋਂ ਵੱਡੇ ਪੱਧਰ 'ਤੇ ਲੋਕ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ 27 ਫਰਵਰੀ ਤਕ ਚੱਲੇਗੀ।

ਮੰਦਰ ਨਿਰਮਾਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਚੰਦੇ ਦੇ ਬਾਰੇ ਵਿਚ ਰਾਏ ਨੇ ਕਿਹਾ, 'ਇਸ ਵਿਚ ਕੁਝ ਗ਼ਲਤ ਨਹੀਂ ਹੈ। ਉਹ ਵੀ ਭਾਰਤੀ ਹਨ। ਇਸ ਲਈ ਹਰ ਸਮਰੱਥ ਵਿਅਕਤੀ ਇਸ ਮਹਾਨ ਕੰਮ ਵਿਚ ਯੋਗਦਾਨ ਦੇ ਸਕਦਾ ਹੈ।' ਰਾਸ਼ਟਰਪਤੀ ਕੋਵਿੰਦ ਨੇ ਰਾਮ ਮੰਦਰ ਨਿਰਮਾਣ ਲਈ 5,00,100 ਰੁਪਏ ਦਾ ਦਾਨ ਦਿੱਤਾ ਹੈ। ਚੰਪਤ ਰਾਏ ਨੇ ਇਹ ਵੀ ਦੱਸਿਆ ਕਿ ਰਾਮ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕਰੀਬ 39 ਮਹੀਨਿਆਂ ਵਿਚ ਨਿਰਮਾਣ ਕੰਮ ਪੂਰਾ ਹੋਵੇਗਾ।

ਟਰੱਸਟ ਦਾ ਕਹਿਣਾ ਹੈ ਕਿ ਮੰਦਰ ਦਾ ਨਿਰਮਾਣ ਭਾਰਤ ਦੀ ਪ੍ਰਰਾਚੀਨ ਤੇ ਰਵਾਇਤੀ ਨਿਰਮਾਣ ਤਕਨੀਕ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਨੂੰ ਇਸ ਤਰ੍ਹਾਂ ਨਾਲ ਬਣਾਇਆ ਜਾਵੇਗਾ, ਜਿਸ ਨਾਲ ਭੂਚਾਲ, ਤੂਫ਼ਾਨ ਅਤੇ ਹੋਰ ਕੁਦਰਤੀ ਆਫ਼ਤਾਂ ਦਾ ਇਹ ਸਾਹਮਣਾ ਕਰ ਸਕੇ।