ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਨਵੇਂ ਮਾਮਲਿਆਂ 'ਚ ਬੇਤਿਹਾਸ਼ਾ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਏ ਮਾਮਲਿਆਂ ਨੇ ਕਈ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ। ਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ 6 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਮਹਾਰਾਸ਼ਟਰ 'ਚ ਵੀ ਪਿਛਲੇ ਪੰਜ ਦਿਨਾਂ ਤੋਂ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਸਨ ਪਰ ਸ਼ੁੱਕਰਵਾਰ ਨੂੰ ਤਾਂ ਸਾਰੀਆਂ ਹੱਦਾਂ ਹੀ ਟੁੱਟ ਗਈਆਂ ਤੇ ਕਰੀਬ ਤਿੰਨ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਰਾਜਧਾਨੀ ਦਿੱਲੀ 'ਚ ਵੀ ਪਹਿਲੀ ਵਾਰ 600 ਤੋਂ ਜ਼ਿਆਦਾ ਨਵੇਂ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜਧਾਨੀ 'ਚ 571 ਮਾਮਲੇ ਸਾਹਮਣੇ ਆਏ ਸਨ, ਜੋ ਇਕ ਦਿਨ 'ਚ ਮਿਲੇ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਸੀ। ਇਨ੍ਹਾਂ ਨੂੰ ਰਲਾ ਕੇ ਪੂਰੇ ਦੇਸ਼ 'ਚ ਹੁਣ ਤਕ ਇਕ ਲੱਖ 22 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਇਨਫੈਕਟਿਡ ਹੋ ਗਏ ਹਨ ਤੇ ਮਰਨ ਵਾਲਿਆਂ ਦਾ ਅੰਕੜਾ ਵੀ ਸਾਢੇ ਤਿੰਨ ਨੂੰ ਪਾਰ ਕਰ ਗਿਆ ਹੈ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 6,088 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ ਇਕ ਲੱਖ 18 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਸ ਦੌਰਾਨ 148 ਮੌਤਾਂ ਵੀ ਹੋਈਆਂ ਹਨ ਤੇ ਮਿ੍ਤਕਾਂ ਦੀ ਗਿਣਤੀ 3,583 ਹੋ ਗਈ ਹੈ। ਸਿਹਤ ਮੰਤਰਾਲੇ ਤੇ ਹੋਰ ਵਸੀਲਿਆਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧਾ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂੁਚਨਾਵਾਂ ਮੁਤਾਬਕ ਸ਼ੁੱਕਰਵਾਰ ਨੂੰ ਦੇਸ਼ 'ਚ 6,359 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ 'ਚ ਸਾਹਮਣੇ ਆਉਣ ਵਾਲੀ ਇਨਫੈਕਟਿਡਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਇਨਫੈਕਟਿਡਾਂ ਦੀ ਗਿਣਤੀ 1,22,656 ਹੋ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਵੀ 3,634 'ਤੇ ਪੁੱਜ ਗਿਆ ਹੈ। ਸ਼ੁੱਕਰਵਾਰ ਨੂੰ ਵੀ 140 ਲੋਕਾਂ ਦੀ ਮੌਤ ਹੋਈ, ਜਿਨ੍ਹਾਂ 'ਚੋਂ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 63, ਗੁਜਰਾਤ 'ਚ 29, ਉੱਤਰ ਪ੍ਰਦੇਸ਼ ਤੇ ਦਿੱਲੀ 'ਚ 14-14, ਬੰਗਾਲ 'ਚ ਛੇ, ਤਾਮਿਲਨਾਡੂ 'ਚ ਚਾਰ, ਤੇਲੰਗਾਨਾ 'ਚ ਤਿੰਨ, ਰਾਜਸਥਾਨ 'ਚ ਦੋ ਤੇ ਮੱਧ ਪ੍ਰਦੇਸ਼ ਤੇ ਆਂਧਰ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ। ਹੁਣ ਤਕ ਲਗਪਗ 51 ਹਜ਼ਾਰ ਲੋਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋ ਚੁੱਕੇ ਹਨ।

ਮੁੰਬਈ 'ਚ ਹਾਲਾਤ ਚਿੰਤਾਜਨਕ

ਮਹਾਰਾਸ਼ਟਰ ਨੇ ਪੂਰੇ ਦੇਸ਼ ਦੀ ਚਿੰਤਾ ਵਧਾ ਦਿੱਤੀ ਹੈ ਤੇ ਮੁੰਬਈ ਮਹਾਰਾਸ਼ਟਰ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸੂਬੇ 'ਚ 2,940 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ 'ਚੋਂ ਇਕੱਲੇ ਮੁੰਬਈ 'ਚ ਹੀ 1,751 ਮਾਮਲੇ ਸ਼ਾਮਲ ਹਨ। ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 44,582 ਹੋ ਗਈ ਹੈ। ਮੁੰਬਈ 'ਚ ਹੁਣ ਤਕ 27 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਪਾਏ ਜਾ ਚੁੱਕੇ ਹਨ। ਸੂਬੇ 'ਚ ਮਰਨ ਵਾਲਿਆਂ ਦਾ ਅੰਕੜਾ ਵੀ ਡੇਢ ਹਜ਼ਾਰ ਨੂੰ ਪਾਰ ਕਰ ਕੇ 1,517 'ਤੇ ਪੁੱਜ ਗਿਆ ਹੈ।

ਦਿੱਲੀ 'ਚ ਤੇਜ਼ੀ ਨਾਲ ਵਧੇ ਮਾਮਲੇ

ਦਿੱਲੀ 'ਚ ਵੀ ਰਿਕਾਰਡ 660 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ 'ਚ 600 ਤੋਂ ਜ਼ਿਆਦਾ ਨਵੇਂ ਮਾਮਲੇ ਪਹਿਲੀ ਵਾਰ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਕੁਝ ਦਿਨਾਂ ਤੋਂ ਲਗਾਤਾਰ 500 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਜਧਾਨੀ 'ਚ ਹੁਣ ਤਕ 12 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ।

ਗੁਜਰਾਤ-ਤਾਮਿਲਨਾਡੂ 'ਚ ਵੀ ਸੁਧਰ ਨਹੀਂ ਰਹੇ ਹਾਲਾਤ

ਗੁਜਰਾਤ ਤੇ ਤਾਮਿਲਨਾਡੂ 'ਚ ਵੀ ਨਵੇਂ ਮਾਮਲਿਆਂ 'ਤੇ ਰੋਕ ਨਹੀਂ ਲੱਗ ਰਹੀ ਹੈ। ਗੁਜਰਾਤ 'ਚ ਸ਼ੁੱਕਰਵਾਰ ਨੂੰ ਜਿਥੇ 363 ਨਵੇਂ ਮਾਮਲੇ ਸਾਹਮਣੇ ਆਏ ਉਥੇ, ਤਾਮਿਲਨਾਡੂ 'ਚ 786 ਕੇਸ ਮਿਲੇ ਹਨ। ਗੁਜਰਾਤ 'ਚ ਵੀ ਇਨਫੈਕਟਿਡਾਂ ਦੀ ਗਿਣਤੀ ਵਧ ਕੇ 13 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਤੇ ਤਾਮਿਲਨਾਡੂ 'ਚ ਵੀ ਇਹ ਅੰਕੜਾ 15 ਹਜ਼ਾਰ ਦੇ ਨੇੜੇ ਪੁੱਜ ਗਿਆ ਹੈ। ਕਰਨਾਟਕ 'ਚ 138 ਨਵੇਂ ਮਾਮਲਿਆਂ ਨਾਲ ਗਿਣਤੀ 1,743 ਹੋ ਗਈ ਹੈ। ਕੇਰਲ 'ਚ 42 ਨਵੇਂ ਮਾਮਲੇ ਮਿਲੇ ਹਨ, ਜੋ ਸੂਬੇ 'ਚ ਇਕ ਦਿਨ 'ਚ ਸਾਹਮਣੇ ਆਏ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 732 ਹੋ ਗਈ ਹੈ।

ਉੱਤਰ ਪ੍ਰਦੇਸ਼ 'ਚ ਛੇ ਹਜ਼ਾਰ ਦੇ ਨੇੜੇ ਪੀੜਤ

ਉੱਤਰ ਪ੍ਰਦੇਸ਼ 'ਚ 236 ਨਵੇਂ ਕੇਸ ਮਿਲੇ ਹਨ ਤੇ ਹੁਣ ਤਕ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ 5,735 ਹੋ ਗਈ ਹੈ। ਰਾਜਸਥਾਨ 'ਚ 267 ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 6,494 'ਤੇ ਪੁੱਜ ਗਈ ਹੈ। ਇਸੇ ਤਰ੍ਹਾਂ 135 ਕੇਸਾਂ ਨਾਲ ਬੰਗਾਲ 'ਚ 3,197 ਇਨਫੈਕਟਿਡ ਹੋ ਗਏ ਹਨ। ਹਾਲੇ ਤਕ ਮੱਧ ਪ੍ਰਦੇਸ਼ 'ਚ 6,158, ਬਿਹਾਰ 'ਚ 2,054, ਪੰਜਾਬ 'ਚ 2,109, ਹਰਿਆਣੇ 'ਚ 1,052 ਤੇ ਓਡੀਸ਼ਾ 'ਚ 1,189 ਮਾਮਲੇ ਸਾਹਮਣੇ ਆ ਚੁੱਕੇ ਹਨ।