ਵਿਸ਼ਾਖਾਪਟਨਮ (ਪੀਟੀਆਈ) : ਹਿੰਦੁਸਤਾਨ ਸ਼ਿਪਯਾਰਡ ਲਿਮਟਡ (ਐੱਚਐੱਸਐੱਲ) 'ਚ ਸ਼ਨਿਚਰਵਾਰ ਨੂੰ ਲੋਡ ਟੈਸਟ ਦੌਰਾਨ 70 ਟਨ ਦੀ ਵੱਡੀ ਕਰੇਨ ਟੁੱਟਣ ਕਾਰਨ ਹੋਏ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਚਾਰ ਐੱਚਐੱਸਐੱਲ ਦੇ ਮੁਲਾਜ਼ਮ ਤੇ ਸੱਤ ਹੋਰ ਠੇਕਾ ਏਜੰਸੀਆਂ ਦੇ ਕਿਰਤੀ ਹਨ। ਐੱਚਐੱਸਐੱਲ ਦੇ 75 ਸਾਲ ਦੇ ਇਤਿਹਾਸ 'ਚ ਇਹ ਪਹਿਲਾ ਅਜਿਹਾ ਹਾਦਸਾ ਹੈ। ਵਿਸ਼ਾਖਪਟਨਮ ਦੇ ਜ਼ਿਲ੍ਹਾ ਅਧਿਕਾਰੀ ਡਾ. ਵਿਨੇ ਚਾਂਦ ਨੇ ਦੱਸਿਆ ਕਿ ਟ੍ਰਾਇਲ ਦੌਰਾਨ ਕਰੇਨ ਦਾ ਬੇਸ ਤੇ ਕੈਬਿਨ ਟੁੱਟਣ ਨਾਲ ਤੇਜ਼ ਆਵਾਜ਼ ਨਾਲ ਲੋਹੇ ਦਾ ਬਹੁਤ ਵੱਡਾ ਢਾਂਚਾ ਡਿੱਗ ਗਿਆ ਤੇ ਪੀੜਤ ਲੋਕ ਇਸ ਦੇ ਹੇਠਾਂ ਦੱਬ ਕੇ ਮਰ ਗਏ। ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈੱਡੀ ਨੇ ਵਿਨੈ ਚਾਂਦ ਨਾਲ ਗੱਲ ਕੀਤੀ ਤੇ ਹਾਦਸੇ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਕਮਿਸ਼ਨਰ ਆਰਕੇ ਮੀਣਾ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਐੱਚਐੱਸਐੱਲ ਨੇ ਆਪਣੇ ਨਿਰਦੇਸ਼ਕ ਦੀ ਅਗਵਾਈ 'ਚ ਇਕ ਕਮੇਟੀ ਬਣਾਈ ਹੈ। ਇਸ ਤੋ ਇਲਾਵਾ ਜ਼ਿਲ੍ਹਾ ਅਧਿਕਾਰੀ ਨੇ ਵੀ ਇੰਜੀਨੀਅਰਾਂ ਦੀ ਇਕ ਸੁਤੰਤਰ ਜਾਂਚ ਕਮੇਟੀ ਦਾ ਗਠਨ ਕੀਤਾ ਹੈ।