ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 9,119 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ 3,45,44,882 ਹੋ ਗਏ ਹਨ। ਉਥੇ ਸਰਗਰਮ ਮਾਮਲੇ ਘੱਟ ਕੇ 1,09,940 ਰਹਿ ਗਏ ਹਨ ਜਿਹੜੇ 539 ਦਿਨਾਂ ਵਿਚ ਸਭ ਤੋਂ ਘੱਟ ਹਨ। ਇਸ ਦੌਰਾਨ 396 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਵੱਧ ਕੇ 4,66,980 ਹੋ ਗਈ।

ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ, ਮੌਤ ਦੇ ਜਿਹੜੇ 396 ਮਾਮਲੇ ਸਾਹਮਣੇ ਆਏ, ਉਨ੍ਹਾਂ ਵਿਚ 308 ਮਾਮਲੇ ਇਕੱਲੇ ਕੇਰਲ ਅਤੇ 41 ਮਾਮਲੇ ਮਹਾਰਾਸ਼ਟਰ ਦੇ ਹਨ।

ਸਰਕਾਰੀ ਬਿਆਨ ਮੁਤਾਬਕ, ਕੇਰਲ ਵਿਚ 308 ਮੌਤਾਂ ਵਿਚੋਂ 35 ਮਾਮਲੇ ਪਿਛਲੇ ਕੁਝ ਦਿਨਾਂ ਵਿਚ ਦਰਜ ਕੀਤੇ ਗਏ ਅਤੇ 273 ਨੂੰ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਅਪੀਲ ਪ੍ਰਰਾਪਤ ਕਰਨ ਤੋਂ ਬਾਅਦ ਕੋਰੋਨਾ ਨਾਲ ਹੋਈ ਮੌਤ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ।

ਸੂਬਿਆਂ ਕੋਲ 22.73 ਕਰੋੜ ਡੋਜ਼ ਉਪਲਬਧ

ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 22.72 ਕਰੋੜ ਤੋਂ ਜ਼ਿਆਦਾ ਵੈਕਸੀਨ ਦੀਆਂ ਖ਼ੁਰਾਕਾਂ ਉਪਲਬਧ ਹਨ। ਮੰਤਰਾਲੇ ਮੁਤਾਬਕ ਕੇਂਦਰ ਵੱਲੋਂ ਹੁਣ ਤਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਪਗ 132 ਕਰੋੜ ਵੈਕਸੀਨ ਡੋਜ਼ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ।