ਨਵੀਂ ਦਿੱਲੀ: ਕੋਵਿਡ ਦੀ ਦੂਸਰੀ ਲਹਿਰ ਦੌਰਾਨ ਦੇਸ਼ ਵਿਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ 2 ਲੱਖ ਦਾ ਅੰਕੜਾ ਪਾਰ ਕਰ ਰਹੇ ਹਨ। ਇਸ ਦੌਰਾਨ ਡਾਕਟਰਾਂ ਨੇ ਦੇਖਿਆ ਹੈ ਕਿ ਘਾਤਕ ਬਿਮਾਰੀ ਦੀ ਦੂਜੀ ਲਹਿਰ ਖ਼ਾਸਕਰ ਇਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸਥਿਤੀ ਨੂੰ ‘ਬਹੁਤ ਖਤਰਨਾਕ’ ਦੱਸਦਿਆਂ ਬਾਲ ਰੋਗ ਵਿਗਿਆਨੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵਾਇਰਸ ਨਵਜੰਮੇ ਅਤੇ 1 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਆਪਣੇ ਲਪੇਟ 'ਚ ਲੈ ਰਿਹਾ ਹੈ। ਪ੍ਰਮੁੱਖ ਅਖਬਾਰਾਂ ਨਾਲ ਗੱਲਬਾਤ ਕਰਦਿਆਂ ਸਰ ਗੰਗਾ ਰਾਮ ਹਸਪਤਾਲ ਦੇ ਪੀਡੀਆਟ੍ਰਿਕ ਇੰਟੈਂਸੀਵਿਸਟ ਡਾ. ਧੀਰਨ ਗੁਪਤਾ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਸਾਲ 2020 ਦੇ ਮੁਕਾਬਲੇ ਪੰਜ ਗੁਣਾ ਵਧੀ ਹੈ।

LNJP ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮੁਖੀ ਡਾ. ਰੀਤੂ ਸਕਸੈਨਾ ਨੇ ਕਿਹਾ, 'ਇਸ ਵਾਰ ਕੋਵਿਡ ਬੱਚਿਆਂ 'ਚ ਵੀ ਦਿਖਾਈ ਦੇ ਰਿਹਾ ਹੈ। ਕੁਝ ਦਿਨਾਂ ਦੇ ਅੰਦਰ ਵੱਡੀ ਗਿਣਤੀ 'ਚ ਬੱਚੇ ਇਨਫੈਕਟਿਡ ਹੋਏ ਹਨ। ਜਦੋਂ ਤੋਂ ਇਹ ਨਵੀਂ ਲਹਿਰ ਸ਼ੁਰੂ ਹੋਈ ਹੈ, ਰੋਜ਼ਾਨਾ 7 ਤੋਂ 8 ਬੱਚਿਆਂ ਨੂੰ ਦਾਖ਼ਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਨਵਜਾਤ ਵੀ ਸ਼ਾਮਲ ਹਨ ਜਿਹੜੇ ਹਸਪਤਾਲ 'ਚ ਇਨਫੈਕਟਿਡ ਹੋਏ ਹਨ। ਇਸ ਤੋਂ ਇਲਾਵਾ 15 ਤੋਂ 30 ਸਾਲ ਦੀ ਉਮਰ ਦੇ ਲਗਪਗ 30 ਪ੍ਰਤੀਸ਼ਤ ਨੌਜਵਾਨ ਵੀ ਇਨਫੈਕਟਿਡ ਹੋਏ ਹਨ।'

ਰਾਜਧਾਨੀ 'ਚ ਕੋਰੋਨਾ ਸੰਕ੍ਰਮਣ ਬਹੁਤ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਲਗਪਗ 25,500 ਕੇਸ ਸਾਹਮਣੇ ਆਏ ਹਨ। ਚਿੰਤਾ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ 'ਚ ਪਾਜ਼ੇਟਿਵਿਟੀ ਰੇਟ ਵੱਧ ਕੇ ਕਰੀਬ 30% ਹੋ ਗਿਆ ਹੈ। ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।

Posted By: Seema Anand