ਨਵੀਂ ਦਿੱਲੀ (ਪੀਟੀਆਈ) : ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਨਿੱਜੀ ਏਅਰਲਾਈਨਜ਼ ਇੰਡੀਗੋ ਅਤੇ ਗੋਏਅਰ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਹਵਾਬਾਜ਼ੀ ਰੈਗੂਲੇਟਰੀ ਨੇ ਕੋਰੋਨਾ ਇਨਫੈਕਸ਼ਨ ਕਾਰਨ ਸਪਲਾਈ ਲੜੀ ਪ੍ਰਭਾਵਿਤ ਹੋਣ ਦੇ ਪਹਿਲੂ 'ਤੇ ਗੌਰ ਕਰਦੇ ਹੋਏ ਦੋਵੇਂ ਏਅਰਲਾਈਨਜ਼ ਦੇ ਏ-320 ਨਿਓ ਜਹਾਜ਼ਾਂ ਵਿਚ ਲੱਗੇ 60 ਪ੍ਰੈਟ ਅਤੇ ਵਿ੍ਹਟਨੀ ਇੰਜਣਾਂ ਨੂੰ ਬਦਲਣ ਦੀ ਆਖ਼ਰੀ ਤਰੀਕ 31 ਮਈ ਤੋਂ ਵਧਾ ਕੇ 31 ਅਗਸਤ ਕਰ ਦਿੱਤੀ ਹੈ। ਹਾਲਾਂਕਿ, ਇਸ ਦੌਰਾਨ ਦੋਵੇਂ ਹਵਾਬਾਜ਼ੀ ਕੰਪਨੀਆਂ ਸਿਰਫ਼ ਉਨ੍ਹਾਂ ਹੀ ਜਹਾਜ਼ਾਂ ਦੀ ਆਵਾਜਾਈ ਕਰ ਪਾਉਣਗੀਆਂ, ਜਿਨ੍ਹਾਂ ਵਿਚ ਮੋਡੀਫਾਈਡ ਪੀਡਬਲਯੂ ਇੰਜਣ ਲੱਗੇ ਹੋਣ।

ਡੀਜੀਸੀਏ ਨੇ ਕਿਹਾ, 'ਦੋਵੇਂ ਕੰਪਨੀਆਂ ਕੋਲ ਹੁਣ ਵੀ ਕੁਲ 60 ਅਜਿਹੇ ਇੰਜਣ ਹਨ, ਜਿਨ੍ਹਾਂ ਨੂੰ ਪਹਿਲਾਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਬਦਲਿਆ ਜਾਣਾ ਹੈ। ਕੋਵਿਡ-19 ਕਾਰਨ ਜਾਰੀ ਲਾਕਡਾਊਨ ਵਿਚ ਸਪਲਾਈ ਲੜੀ ਪ੍ਰਭਾਵਿਤ ਹੋਈ ਅਤੇ ਇਸ ਦਾ ਅਸਰ ਜਹਾਜ਼ਾਂ ਦੇ ਇੰਜਣ ਬਦਲਣ ਦੇ ਕੰਮ 'ਤੇ ਵੀ ਪਿਆ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2019 ਵਿਚ ਇੰਡੀਗੋ ਦੇ ਏਅਰਬੱਸ ਏ-320 ਨਿਓ ਜਹਾਜ਼ਾਂ ਵਿਚ ਉਡਾਣ ਦੌਰਾਨ ਇੰਜਣ ਬੰਦ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।

Posted By: Rajnish Kaur