ਪੀਟੀਆਈ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਨੀਆ ਦੇ ਦੇਸ਼ਾਂ ’ਚ ਮਹਾਮਾਰੀ ਦੇ ਇਸ ਦੌਰ ’ਚ ਕੋਰੋਨਾ ਟੀਕਿਆਂ ਦੀ ਤਕਨੀਕ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਕਿਆਂ ਨੂੰ ਲੈ ਕੇ ਕੋਈ ਰਾਸ਼ਟਰਵਾਦ ਨਹੀਂ ਹੋ ਸਕਦਾ। ਵਿੱਤ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਸੰਦਰਭ ’ਚ ਬੌਧਿਕ ਸੰਪਦਾ ਅਧਿਕਾਰ ਨਾਲ ਜੁੜੇ ਵਪਾਰ ਸਬੰਧੀ ਪਹਿਲੂਆਂ (ਟਿ੍ਰਕਸ) ’ਤੇ ਗ਼ੌਰ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਵਿੱਤ ਮੰਤਰੀ ਨੇ ਕੀਤੀ ਵਿਭਿੰਨ ਦੇਸ਼ਾਂ ਤੋਂ ਇਸ ਮਾਮਲੇ ’ਚ ਲਚੀਲਾ ਰੁਖ਼ ਅਪਣਾਉਣ ਦੀ ਅਪੀਲ

ਉਨ੍ਹਾਂ ਨੇ ਏਸ਼ੀਆਈ ਵਿਕਾਸ ਬੈਂਕ ਦੀ ਸਾਲਾਨਾ ਬੈਠਕ ’ਚ ਕਿਹਾ, ਦੇਸ਼ਾਂ ਨੂੰ ਟੀਕਾ ਆਧਾਰਿਤ ਤਕਨੀਕ ਸਾਂਝਾ ਕਰਨ ਲਈ ਤਿਆਰ ਹੋਣਾ ਹੋਵੇਗਾ। ਮਹਾਮਾਰੀ ਦੇ ਸੰਦਰਭ ’ਚ ਟਿ੍ਰਪਸ ਸਮਝੌਤੇ ’ਤੇ ਗ਼ੌਰ ਕਰਨਾ ਹੋਵੇਗਾ। ਟੀਕਿਆਂ ਨੂੰ ਲੈ ਕੇ ਕੋਈ ਰਾਸ਼ਟਰਵਾਦ ਨਹੀਂ ਹੋ ਸਕਦਾ। ਦੇਸ਼ਾਂ ਨੂੰ ਇਸ ਮਾਮਲੇ ’ਚ ਲਚੀਲਾ ਰੁਖ਼ ਅਪਣਾਉਣਾ ਚਾਹੀਦਾ ਹੈ। ਟ੍ਰਿਪਸ ਸਮਝੌਤਾ ਵਿਸ਼ਵ ਵਪਾਰ ਸੰਗਠਨ ਮੈਂਬਰ ਦੇਸ਼ਾਂ ’ਚ ਇਕ ਕਾਨੂੰਨੀ ਸਮਝੌਤਾ ਹੈ।

ਕੋਰੋਨਾ ਨਾਲ ਨਜਿੱਠਣ ਲਈ ਵਿਸ਼ਵੀ ਪੱਧਰ ’ਤੇ ਮਿਲ ਕੇ ਕੰਮ ਕਰਨਾ ਹੋਵੇਗਾ

ਵੀਡੀਓ ਕਾਨਫਰੰਸ ਰਾਹੀਂ ਕਰਵਾਏ ਪ੍ਰੋਗਰਾਮ ’ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਸੀਤਾਰਮਨ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਜਿਵੇਂ ਕਿ ਮੈਂ ਕਿਹਾ ਹੈ, ਭਵਿੱਖ ਖੁੱਲ੍ਹੇਪਣ, ਪਾਰਦਰਸ਼ਤਾ, ਨਿਰਪੱਖਤਾ, ਟਿਕਾਊਪਣ ਅਤੇ ਸਿਧਾਂਤਾਂ ’ਤੇ ਆਧਰਿਤ ਹੋਣਾ ਚਾਹੀਦਾ ਹੈ। ਵਿੱਤ ਮੰਤਰੀ ਨੇ ਇਸ ਮੌਕੇ ’ਤੇ ਇਹ ਵੀ ਕਿਹਾ ਕਿ ਸਰਕਾਰ ਨੇ ਮਹਾਮਾਰੀ ਦੌਰਾਨ ਆਰਥਿਕ ਗਤੀਵਿਧੀਆਂ ਬਣਾਏ ਰੱਖਣ ਲਈ ਵਿਭਿੰਨ ਖੇਤਰਾਂ ਨੂੰ ਵਿੱਤੀ ਸਹਾਇਤਾ ਉਪਲੱਬਧ ਕਰਵਾਈ ਹੈ।

Posted By: Ramanjit Kaur