ਏਐੱਨਆਈ, ਨਵੀਂ ਦਿੱਲੀ : ਦੇਸ਼ ’ਚ ਫਿਰ ਕੋਰੋਨਾ ਦੇ ਵੱਧਦੇ ਮਾਮਲਿਆਂ ਅਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ’ਚ 18 ਜ਼ਿਲ੍ਹੇ ਅਜਿਹੇ ਹਨ, ਜਿਥੇ ਪਿਛਲੇ 4 ਹਫ਼ਤਿਆਂ ਤੋਂ ਕੋਵਿਡ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 18 ਜ਼ਿਲ੍ਹਿਆਂ ਤੋਂ ਦੇਸ਼ ਦੇ 47.5 ਫ਼ੀਸਦ ਕੋਵਿਡ ਮਾਮਲੇ ਆ ਰਹੇ ਹਨ। ਕੇਰਲ ਦੇ 10 ਜ਼ਿਲ੍ਹਿਆਂ ਤੋਂ ਪਿਛਲੇ ਇਕ ਹਫ਼ਤੇ ’ਚ 40.6 ਫ਼ੀਸਦ ਕੋਰੋਨਾ ਮਾਮਲੇ ਆਏ ਹਨ। 44 ਜ਼ਿਲ੍ਹੇ ਅਜਿਹੇ ਹਨ ਜਿਥੇ ਮਾਮਲਿਆਂ ਦੀ ਪਾਜ਼ੇਟਿਵਿਟੀ ਰੇਟ 10 ਫ਼ੀਸਦ ਤੋਂ ਵੱਧ ਹਨ। ਉਨਾਂ ਕਿਹਾ ਕਿ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਹਾਲੇ ਖ਼ਤਮ ਨਹੀਂ ਹੋਈ ਹੈ। ਇਹ ਜ਼ਿਲ੍ਹੇ ਕੇਰਲ, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ’ਚ ਹਨ। 1 ਜੂਨ ਨੂੰ 279 ਜ਼ਿਲ੍ਹੇ ਸਨ, ਜਿਥੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਇਹ 57 ਜ਼ਿਲ੍ਹਿਆਂ ’ਚ ਆ ਗਿਆ ਹੈ, ਜਿਥੇ ਦੇਸ਼ ’ਚ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਲਵ ਅਗਰਵਾਲ ਨੇ ਕਿਹਾ ਕਿ 10 ਮਈ ਨੂੰ ਦੇਸ਼ ’ਚ 37 ਲੱਖ ਸਰਗਰਮ ਮਾਮਲੇ ਸਨ ਉਹ ਘੱਟ ਕੇ ਹੁਣ 4 ਲੱਖ ਰਹਿ ਗਏ। ਇਕ ਸੂਬਾ ਅਜਿਹਾ ਹੈ ਜਿਥੇ 1 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ ਅਤੇ 8 ਸੂਬੇ ਅਜਿਹੇ ਹਨ, ਜਿਥੇ 10,000 ਤੋਂ 1 ਲੱਖ ਸਰਗਰਮ ਮਾਮਲੇ ਹਨ। 27 ਸੂਬੇ ਅਜਿਹੇ ਹਨ ਜਿਥੇ 10,000 ਤੋਂ ਵੀ ਘੱਟ ਸਰਗਰਮ ਮਾਮਲੇ ਹਨ।

ਦੇਸ਼ ’ਚ ਟੀਕਾਕਰਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਕੁੱਲ 47.85 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ, ਜਿਸ ’ਚ ਪਹਿਲੀ ਖ਼ੁਰਾਕ ਦੀ 37.26 ਕਰੋੜ ਅਤੇ ਦੂਸਰੀ ਖ਼ੁਰਾਕ ਦੀ 10.59 ਕਰੋੜ ਸ਼ਾਮਿਲ ਹੈ। ਅਸੀਂ ਮਈ ’ਚ 19.6 ਲੱਖ ਅਤੇ ਜੁਲਾਈ ’ਚ 43.41 ਲੱਖ ਖ਼ੁਰਾਕਾਂ ਦਿੱਤੀਆਂ। ਜੁਲਾਈ ’ਚ ਦਿੱਤੇ ਗਏ ਟੀਕਿਆਂ ਦੀ ਕੁੱਲ ਖ਼ੁਰਾਕ ਮਈ ਦੀ ਤੁਲਨਾ ’ਚ ਦੁੱਗਣੀ ਤੋਂ ਵੱਧ ਹੈ।

Posted By: Ramanjit Kaur