ਨਈ ਦੁਨੀਆ, ਜੇਐੱਨਐੱਨ : ਦੇਸ਼ ’ਚ ਕੋਰੋਨਾ ਮਹਾਮਾਰੀ ਬੇਕਾਬੂ ਹੋ ਰਹੀ ਹੈ। ਇਸਦਾ ਕਾਰਨ ਸਾਫ਼ ਹੈ ਕਿ ਲੋਕਾਂ ਦੁਆਰਾ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਸਰਕਾਰ ਵਾਰ-ਵਾਰ ਲੋਕਾਂ ਨੂੰ ਮਾਸਕ ਲਗਾਉਣ ਤੇ ਸਰੀਰਕ ਦੂਰੀ ਦਾ ਪਾਲਣ ਕਰਨ ਲਈ ਕਹਿ ਰਹੀ ਹੈ, ਪਰ ਲੋਕ ਨਹੀਂ ਮੰਨ ਰਹੇ। ਇਸ ਦੌਰਾਨ ਇਕ ਦਿਲਚਸਪ ਖ਼ਬਰ ਉੱਤਰ ਪ੍ਰਦੇਸ਼ ਤੋਂ ਆ ਰਹੀ ਹੈ। ਇਥੇ ਮਾਂ ਦੁਰਗਾ ਦੇ ਇਕ ਮੰਦਰ ’ਚ ਮਾਤਾ ਦੀ ਮੂਰਤੀ ਨੂੰ ਮਾਸਕ ਪਾਇਆ ਗਿਆ ਹੈ। ਇਸਤੋਂ ਇਲਾਵਾ ਪ੍ਰਸਾਦ ’ਚ ਵੀ ਮਾਸਕ ਵੰਡੇ ਜਾ ਰਹੇ ਹਨ। ਇਸਦਾ ਉਦੇਸ਼ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਨਾ ਹੈ।


ਮੰਦਰ ਦੇ ਪੰਡਿਤ ਮਨੋਜ ਸ਼ਰਮਾ ਅਨੁਸਾਰ, ਚੇਤ ਨਰਾਤਿਆਂ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨ ਕਰਨ ਆ ਰਹੇ ਹਨ। ਇਸ ਲਈ ਉਨ੍ਹਾਂ ’ਚ ਮਾਸਕ ਪਾਉਣ ਦਾ ਸੰਦੇਸ਼ ਦੇਣ ਲਈ ਮਾਤਾ ਨੂੰ ਵੀ ਮਾਸਕ ਪਾਇਆ ਗਿਆ ਹੈ। ਜਿਸਦਾ ਪ੍ਰਭਾਵ ਕਾਫੀ ਹੱਦ ਤਕ ਲੋਕਾਂ ’ਤੇ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੇਤ ਦੇ ਦੂਜੇ ਦਿਨ ਇਸਦੀ ਸ਼ੁਰੂਆਤ ਕੀਤੀ ਗਈ ਸੀ। ਸ਼ਰਧਾਲੂਆਂ ਨੂੰ ਮਾਤਾ ਦਾ ਇਹ ਰੂਪ ਦੇਖ ਹੈਰਾਨੀ ਹੋਈ ਤੇ ਪ੍ਰੇਰਣਾ ਵੀ ਮਿਲੀ। ਮੰਦਰ ’ਚ ਕੋਰੋਨਾ ਮਹਾਮਾਰੀ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ’ਚ ਰੱਖਿਆ ਜਾ ਰਿਹਾ ਹੈ।


ਯੂਪੀ ’ਚ ਨਵੇਂ ਰਿਕਾਰਡ ਬਣਾ ਰਿਹਾ ਕੋਰੋਨਾ

ਯੂਪੀ ’ਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ 24 ਘੰਟਿਆਂ ’ਚ 22,439 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਉੱਤਰ ਪ੍ਰਦੇਸ਼ ਦੂਜੇ ਨੰਬਰ ’ਤੇ ਹੈ। ਇਥੇ ਹੁਣ ਤਕ 9480 ਲੋਕਾਂ ਦੀ ਜਾਨ ਜਾ ਚੁੱਕੀ ਹੈ।

Posted By: Sunil Thapa