ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਹੌਲੀ-ਹੌਲੀ ਕਮੀ ਆ ਰਹੀ ਹੈ। ਹਾਲਾਤ ਸੁਧਰ ਰਹੇ ਹਨ। ਸਰਕਾਰ ਤਿਉਹਾਰੀ ਸੀਜ਼ਨ 'ਚ ਲੋਕਾਂ ਨੂੰ ਜ਼ਿਆਦਾ ਚੌਕਸ ਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ ਤਾਂਕਿ ਮਹਾਮਾਰੀ ਖ਼ਿਲਾਫ਼ ਜੰਗ 'ਚ ਹੁਣ ਤਕ ਮਿਲੀ ਸਫਲਤਾ ਬੇਕਾਰ ਨਾ ਜਾਵੇ। ਜਿੱਥੋਂ ਤਕ ਇਨਫੈਕਸ਼ਨ ਦੀ ਗੱਲ ਹੈ ਤਾਂ ਸਰਗਰਮ ਮਾਮਲੇ ਲਗਪਗ ਦੋ ਲੱਖ ਰਹਿ ਗਏ ਹਨ ਜੋ ਸੱਤ ਮਹੀਨਿਆਂ 'ਚ ਸਭ ਤੋਂ ਘੱਟ ਹੈ। ਨਵੇਂ ਮਾਮਲੇ ਵੀ 20 ਹਜ਼ਾਰ ਤੋਂ ਹੇਠਾਂ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ 'ਚ ਸੱਤ ਹਜ਼ਾਰ ਤੋਂ ਜ਼ਿਆਦਾ ਸਰਗਰਮ ਮਾਮਲੇ ਘਟੇ ਹਨ। ਮੌਜੂਦਾ ਸਮੇਂ ਸਰਗਰਮ ਮਾਮਲੇ 207653 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 0.61 ਫ਼ੀਸਦੀ ਹੈ। ਇਸ ਦੌਰਾਨ 15823 ਨਵੇਂ ਕੇਸ ਮਿਲੇ ਹਨ ਤੇ 226 ਹੋਰ ਮਰੀਜ਼ਾਂ ਦੀ ਜਾਨ ਵੀ ਗਈ ਹੈ। ਮਰੀਜ਼ਾਂ ਦੇ ਉਭਰਨ ਦੀ ਦਰ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ, ਮੌਤ ਦਰ ਸਥਿਰ ਬਣੀ ਹੋਈ ਹੈ ਤੇ ਰੋਜ਼ਾਨਾ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਵੀ ਦੋ ਫ਼ੀਸਦੀ ਤੋਂ ਹੇਠਾਂ ਬਰਕਰਾਰ ਹੈ।

ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀ ਕੁੱਲ 96.43 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ 'ਚ 69 ਕਰੋੜ ਪਹਿਲੀ ਤੇ 27 ਕਰੋੜ ਦੂਜੀ ਡੋਜ਼ ਸ਼ਾਮਲ ਹਨ। ਬੀਤੇ 24 ਘੰਟਿਆਂ ਦੌਰਾਨ 50.60 ਲੱਖ ਡੋਜ਼ ਲਗਾਈਆਂ ਗਈਆਂ ਹਨ।