ਜੇਐੱਨਐੱਨ, ਨਵੀਂ ਦਿੱਲੀ : ਕੌਮਾਂਤਰੀ ਹਾਲਾਤ ਦੀ ਤੁਲਨਾ 'ਚ ਭਾਰਤ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਸੱਤ ਦਿਨਾਂ ਦੌਰਾਨ ਭਾਰਤ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ 30 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਇਸ ਦੌਰਾਨ ਪੂਰੀ ਦੁਨੀਆ 'ਚ ਸਿਰਫ ਛੇ ਫ਼ੀਸਦੀ ਹੀ ਮਾਮਲੇ ਘੱਟ ਹੋਏ ਹਨ। ਇਹ ਹੀ ਹਾਲ ਕੋਰੋਨਾ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਵੀ ਹੈ। ਬੀਤੇ ਸੱਤ ਦਿਨਾਂ 'ਚ ਭਾਰਤ 'ਚ ਮੌਤਾਂ 'ਚ 35 ਫ਼ੀਸਦੀ ਦੀ ਕਮੀ ਆਈ ਤੇ ਦੁਨੀਆ 'ਚ ਸਿਰਫ 10 ਫ਼ੀਸਦੀ ਦੀ।

ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ ਪਿਛਲੇ ਸੱਤ ਦਿਨਾਂ 'ਚ ਭਾਰਤ 'ਚ ਕੁਲ 5,44,085 ਕੇਸ ਪਾਏ ਗਏ ਤੇ 12,647 ਲੋਕਾਂ ਦੀ ਜਾਨ ਗਈ, ਜਦਕਿ ਉਸ ਤੋਂ ਪਹਿਲੇ ਦੇ ਸੱਤ ਦਿਨਾਂ 'ਚ 7,81,293 ਮਾਮਲੇ ਮਿਲੇ ਸਨ ਤੇ 19,397 ਮੌਤਾਂ ਹੋਈਆਂ ਸਨ। ਇਸ ਦੀ ਤੁਲਨਾ 'ਚ ਪੂਰੀ ਦੁਨੀਆ 'ਚ ਬੀਤੇ ਸੱਤ ਦਿਨਾਂ 'ਚ 26,41,596 ਕੇਸ ਮਿਲੇ ਤੇ 61,393 ਮੌਤਾਂ ਹੋਈਆਂ, ਜਦਕਿ ਉਸ ਤੋਂ ਪਹਿਲਾਂ ਦੇ ਸੱਤ ਦਿਨਾਂ 'ਚ 28,17,596 ਮਰੀਜ਼ ਸਾਹਮਣੇ ਆਏ ਸਨ ਤੇ 68,069 ਲੋਕਾਂ ਦੀ ਮੌਤ ਹੋਈ ਸੀ।

34 ਦਿਨਾਂ ਤੋਂ ਨਵੇਂ ਮਾਮਲਿਆਂ ਨਾਲੋਂ ਜ਼ਿਆਦਾ ਠੀਕ ਹੋਣ ਵਾਲੇ

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ ਲਗਾਤਾਰ 34 ਦਿਨਾਂ ਤੋਂ ਨਵੇਂ ਮਾਮਲਿਆਂ ਦੀ ਤੁਲਨਾ 'ਚ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ। ਇਸ ਕਾਰਨ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਘੱਟ ਕੇ ਨੌਂ ਲੱਖ ਤੋਂ ਹੇਠਾਂ ਆ ਗਈ ਹੈ। 70 ਦਿਨ ਬਾਅਦ ਸਰਗਰਮ ਮਾਮਲੇ ਨੌਂ ਲੱਖ ਤੋਂ ਘੱਟ ਹੋਏ ਹਨ। ਬੀਤੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ 'ਚ 47,946 ਦੀ ਕਮੀ ਆਈ ਹੈ। ਸਰਗਰਮ ਕੇਸ ਕੁਲ ਇਨਫੈਕਟਿਡਾਂ ਦੇ 2.92 ਫ਼ੀਸਦੀ ਰਹਿ ਗਏ ਹਨ। ਮਰੀਜ਼ਾਂ ਦੇ ਉਭਰਨ ਦੀ ਦਰ ਵਧ ਕੇ 96 ਫ਼ੀਸਦੀ ਦੇ ਕਰੀਬ ਪੁੱਜ ਗਈ ਹੈ।

ਕੇਂਦਰ ਨੇ ਸੂਬਿਆਂ ਨੂੰ 27 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ

ਮੰਤਰਾਲੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 27.28 ਕਰੋੜ ਖ਼ੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ 'ਚੋਂ 25.45 ਕਰੋੜ ਖ਼ੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਿਸ 'ਚ ਬਰਬਾਦ ਹੋਈਆਂ ਖ਼ੁਰਾਕਾਂ ਵੀ ਸ਼ਾਮਲ ਹਨ। ਇਸ ਤਰ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ 1.82 ਕਰੋੜ ਖ਼ੁਰਾਕਾਂ ਉਪਲੱਬਧ ਹਨ।

ਭਾਰਤ ਬਾਇਓਟੈੱਕ ਨੇ 16 ਸੂਬਿਆਂ ਨੂੰ ਵੈਕਸੀਨ ਦੀ ਕੀਤੀ ਸਪਲਾਈ

ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸ ਨੇ ਭਾਰਤ ਸਰਕਾਰ ਰਾਹੀਂ ਨੌਂ ਸੂਬਿਆਂ ਤੇ 16 ਸੂਬਿਆਂ ਨੂੰ ਸਿੱਧੀ ਖ਼ਰੀਦ ਪ੍ਰਕਿਰਿਆ ਤਹਿਤ ਕੋਵੈਕਸੀਨ ਦੀ ਸਪਲਾਈ ਕੀਤੀ ਹੈ। ਭਾਰਤ ਬਾਇਓਟੈੱਕ ਦੀ ਸਹਿ-ਸੰਸਥਾਪਕ ਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੂਚਿੱਤਰਾ ਇਲਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਇਨ੍ਹਾਂ ਸੂਬਿਆਂ ਨੂੰ ਅੱਠ ਤੋਂ 14 ਜੂਨ ਵਿਚਾਲੇ ਵੈਕਸੀਨ ਦੀ ਸਪਲਾਈ ਕੀਤੀ ਗਈ ਹੈ। ਨੌਂ ਸੂਬਿਆਂ 'ਚ ਆਂਧਰ ਪ੍ਰਦੇਸ਼, ਅਸਾਮ, ਦਿੱਲੀ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਤੇ ਤੇਲੰਗਾਨਾ ਸ਼ਾਮਲ ਹਨ, ਜਦਕਿ 16 ਸੂਬਿਆਂ 'ਚ ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਹਰਿਆਣਾ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਓਡੀਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਤਿ੍ਪੁਰਾ, ਉੱਤਰਾਖੰਡ ਤੇ ਬੰਗਾਲ ਸ਼ਾਮਲ ਹਨ।