ਏਜੰਸੀ, ਨਵੀਂ ਦਿੱਲੀ : ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਵਾਡਰਾ ਨੇ ਆਪਣੀ ਸਿਹਤ ਜਾਂਚ ਅਤੇ ਕਾਰੋਬਾਰ ਲਈ ਦੋ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਰਾਬਰਟ ਵਾਡਰਾ ਨੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਰਹਿੰਦੀ। ਉਹ ਇਲਾਜ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਫਿਲਹਾਲ ਉਹ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ 'ਤੇ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਵਾਡਰਾ ਦੀ ਅਪੀਲ 'ਤੇ ਈਡੀ ਤੋਂ ਜਵਾਬ ਮੰਗਿਆ ਸੀ। ਈਡੀ ਨੇ ਅਦਾਲਤ ਵਿਚ ਵਾਡਰਾ ਦੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦਾ ਪਤੀ ਰਾਬਰਟ ਵਾਡਰਾ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਫਸੇ ਹੋਏ ਹਨ। ਉਸ ਉੱਤੇ ਲੰਡਨ ਵਿਚ ਬੇਨਾਮੀ ਜਾਇਦਾਦ ਖ਼ਰੀਦਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਰਾਜਸਥਾਨ ਦੇ ਬੀਕਾਨੇਰ ਵਿਚ ਵੀ ਜ਼ਮੀਨ ਖ਼ਰੀਦਣ ਦੀ ਜਾਂਚ ਚੱਲ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਾਡਰਾ ਦੇ ਨਜ਼ਦੀਕੀ ਮਨੋਜ ਅਰੋੜਾ ਖ਼ਿਲਾਫ਼ ਲੰਡਨ ਦੇ ਇਕ ਫਲੈਟ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਈਡੀ ਦਾ ਦੋਸ਼ ਹੈ ਕਿ ਇਹ ਫਲੈਟ ਮਨੋਜ ਅਰੋੜਾ ਦੀ ਬਜਾਏ ਰਾਬਰਟ ਵਾਡਰਾ ਦਾ ਹੈ। ਇਹ ਜਾਇਦਾਦ ਹਥਿਆਰ ਡੀਲਰ ਸੰਜੇ ਭੰਡਾਰੀ ਤੋਂ ਸਾਲ 2010 ਵਿੱਚ ਖਰੀਦੀ ਗਈ ਸੀ।

ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਅਗਾਊਂ ਜ਼ਮਾਨਤ 'ਤੇ ਚੱਲ ਰਹੇ ਹਨ। ਈਡੀ ਨੇ ਦਿੱਲੀ ਹਾਈਕੋਰਟ ਤੋਂ ਵਾਡਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਅਦਾਲਤ ਇਸ ਮਾਮਲੇ ਵਿਚ ਵੀ ਸੁਣਵਾਈ ਕਰ ਰਹੀ ਹੈ। ਈਡੀ ਦਾ ਦੋਸ਼ ਹੈ ਕਿ ਵਾਡਰਾ ਜਾਂਚ ਵਿਚ ਸਹਿਯੋਗ ਨਹੀਂ ਦੇ ਰਿਹਾ, ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਾਡਰਾ ਦੇ ਵਕੀਲ ਨੇ ਈਡੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਕਰ ਰਹੇ ਹਨ।

Posted By: Tejinder Thind