ਨਵੀਂ ਦਿੱਲੀ : 3500 ਕਰੋੜ ਰੁਪਏ ਦੇ ਏਅਰਸੈੱਲ-ਮੈਕਸਿਸ ਘੁਟਾਲੇ 'ਚ ਫਸੇ ਸਾਬਕਾ ਵਿੱਤ ਮੰਤਰੀ ਪੀ ਚਿਦਾਂਬਰਮ ਨੂੰ ਲੈ ਕੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਅਗਲੀ ਸੁਣਵਾਈ ਲਈ ਇਕ ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੀ, ਚਿਦੰਬਰਮ ਅਤੇ ਕਾਰਤੀ ਚਿਦੰਬਰਮ ਦੀ ਅੰਤਰਿਮ ਜ਼ਮਾਨਤ ਵੀ ਸੀਬੀਆਈ ਅਤੇ ਈਡੀ ਕੇਸ ਦੋਵਾਂ 'ਚ ਕਿ ਫਰਵਰੀ ਤਕ ਵਧਾ ਦਿੱਤੀ ਹੈ। ਦੋਵਾਂ ਨੂੰ ਇਸ ਤਰੀਕ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕੇਗਾ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਨਵੰਬਰ ਨੂੰ ਹੋਈ ਸੁਣਵਾਈ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ 'ਤੇ ਮੁਕੱਦਮਾ ਚਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਘੁਟਾਲੇ ਸਮੇਂ ਚਿਦੰਬਰਮ ਕੇਂਦਰੀ ਵਿੱਤ ਮੰਤਰੀ ਸਨ, ਇਸ ਲਈ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਲਈ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਕੇਂਦਰ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਸੀ, ਜੋ ਹੁਣ ਮਿਲ ਗਈ ਹੈ। 27 ਨਵੰਬਰ ਨੂੰ ਹੋਈ ਸੁਣਵਾਈ ਵਿਚ ਪਟਿਆਲਾ ਹਾਊਸ ਕੋਰਟ ਸਥਿਤ ਵਿਸ਼ੇਸ਼ ਅਦਾਲਤ ਵਿਚ ਸੀਬੀਆਈ ਨੇ ਇਹ ਜਾਣਕਾਰੀ ਦਿੱਤੀ ਸੀ।

ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਸੁਣਵਾਈ ਲਈ ਸੀਬੀਆਈ ਵੱਲੋਂ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਹੋਏ ਸਨ। ਉਨ੍ਹਾਂ ਅਦਾਲਤ ਨੂੰ ਦੱਸਿਆ ਸੀ ਕਿ ਏਅਰਸੈੱਲ-ਮੈਕਸਿਸ ਘੁਟਾਲੇ ਵਿਚ ਕੁੱਲ 18 ਮੁਲਜ਼ਮ ਹਨ ਜਿਨ੍ਹਾਂ ਵਿਚ ਪੀ. ਚਿਦੰਬਰਮ ਸਮੇਤ 11 ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਕੇਂਦਰ ਸਰਕਾਰ ਨੂੰ ਮਨਜ਼ੂਰੀ ਮਿਲ ਗਈ ਹੈ।

ਇਸ ਮਾਮਲੇ 'ਚ ਈਡੀ ਅਤੇ ਸੀਬੀਆਈ ਨੇ ਪੀ. ਚਿਦੰਬਰਮ 'ਤੇ ਦੋਸ਼ ਲਗਾਇਆ ਸੀ ਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਚਿਦੰਬਰਮ ਅਤੇ ਕਾਰਤੀ ਨੇ ਅਦਾਲਤ ਵਿਚ ਜਵਾਬ ਦਾਖ਼ਲ ਕਰ ਕੇ ਇਸ ਦੋਸ਼ ਨੂੰ ਨਕਾਰਿਆ ਸੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਐੱਫਆਈਪੀਬੀ ਨੇ ਨਿਵੇਸ਼ ਨੂੰ ਮਨਜ਼ੂਰੀ ਦੇਣ ਵਿਚ ਕੋਈ ਅਪਰਾਧ ਨਹੀਂ ਕੀਤਾ ਸੀ ਅਤੇ ਨਾ ਹੀ ਇਸ ਮਾਮਲੇ ਵਿਚ ਕੋਈ ਸਾਜ਼ਿਸ਼ ਕੀਤੀ ਗਈ।

ਚਿਦੰਬਰਮ ਸਮੇਤ ਇਹ ਹਨ ਮੁਲਜ਼ਮ

25 ਅਕਤੂਬਰ ਨੂੰ ਸੀਬੀਆਈ ਵੱਲੋਂ ਦਾਖ਼ਲ ਫੁੱਲ ਚਾਰਜਸ਼ੀਟ ਵਿਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਮੁਲਜ਼ਮ ਨੰਬਰ-1 ਦੱਸਿਆ ਗਿਆ ਹੈ। ਉੱਥੇ ਕਾਰਤ, ਸੀਏ ਐੱਸ ਭਾਸਕਰਨ, ਏਅਰਸੈੱਲ ਦੇ ਸਾਬਕਾ ਸੀਈਓ ਵੀ. ਸ੍ਰੀਨਿਮਵਾਸਨ, ਮੈਕਸਿਸ ਤੋਂ ਆਗਸਟਸ ਰਾਲਫ ਮਾਰਸ਼ਲ, ਐਸਟ੍ਰੋ ਆਲ ਏਸ਼ੀਆ ਨੈਟਵਰਕ, ਏਅਰਸੈੱਲ ਟੈਲੀਵੈਂਚਰ, ਮੈਕਸਿਸ ਮੋਬਾਈਲ ਸਰਵਿਸ ,ਬੁਮੀ ਅਰਮਦਾ ਤੇ ਬੁਮੀ ਅਰਮਾਦ ਨੈਵੀਗੇਸ਼ਨ ਮੁਲਜ਼ਮ ਹਨ।

Posted By: Seema Anand