ਬੈਂਗਲੁਰੂ (ਪੀਟੀਆਈ) : ਕਰਨਾਟਕ ਵਿਚ ਚਾਰ ਮਹੀਨੇ ਪੁਰਾਣੀ ਬੀ ਐੱਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਭਵਿੱਖ ਸੋਮਵਾਰ ਨੂੰ ਸਪੱਸ਼ਟ ਹੋ ਜਾਏਗਾ। ਰਾਜ ਵਿਚ ਜਿਨ੍ਹਾਂ 15 ਸੀਟਾਂ 'ਤੇ ਉਪ ਚੋਣ ਕਰਵਾਈ ਗਈ ਹੈ ਉਨ੍ਹਾਂ ਦੀ ਗਿਣਤੀ ਸੋਮਵਾਰ ਨੂੰ ਕਰਵਾਈ ਜਾਏਗੀ। ਪੰਜ ਦਸੰਬਰ ਨੂੰ ਹੋਈ ਵੋਟਿੰਗ ਵਿਚ 67.91 ਫ਼ੀਸਦੀ ਵੋਟਰਾਂ ਨੇ ਵੋਟ ਪਾਏ ਸਨ। 11 ਕੇਂਦਰਾਂ 'ਤੇ ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਦੁਪਹਿਰ ਤਕ ਨਤੀਜੇ ਸਾਹਮਣੇ ਆ ਜਾਣਗੇ। ਚੋਣ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕਾਂਗਰਸ ਅਤੇ ਜਨਤਾ ਦਲ (ਐੱਸ) ਦੇ 17 ਵਿਧਾਇਕਾਂ ਦੀ ਬਗ਼ਾਵਤ ਪਿੱਛੋਂ ਜੁਲਾਈ ਵਿਚ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਡਿੱਗ ਗਈ ਸੀ ਅਤੇ ਭਾਜਪਾ ਨੂੰ ਸੱਤਾ ਵਿਚ ਆਉਣ ਦਾ ਮੌਕਾ ਮਿਲਿਆ। ਅਯੋਗ ਠਹਿਰਾਏ ਗਏ ਇਨ੍ਹਾਂ ਵਿਧਾਇਕਾਂ ਵੱਲੋਂ ਖਾਲ੍ਹੀ ਕੀਤੀਆਂ ਗਈਆਂ ਸੀਟਾਂ 'ਤੇ ਉਪ ਚੋਣ ਕਰਵਾਈ ਗਈ ਹੈ। 15 ਵਿਚੋਂ 12 'ਤੇ ਕਾਂਗਰਸ ਜੇਤੂ ਰਹੀ ਸੀ ਜਦਕਿ ਤਿੰਨ ਸੀਟਾਂ ਜਨਤਾ ਦਲ (ਐੱਸ) ਦੇ ਖਾਤੇ ਦੀਆਂ ਹਨ। ਸੱਤਾ ਵਿਚ ਬਣੇ ਰਹਿਣ ਲਈ ਭਾਜਪਾ ਨੂੰ ਇਨ੍ਹਾਂ ਵਿਚੋਂ ਘੱਟ ਤੋਂ ਘੱਟ ਛੇ ਸੀਟਾਂ ਦੀ ਲੋੜ ਹੈ। ਹਾਈ ਕੋਰਟ ਵਿਚ ਮਾਮਲਾ ਲਟਕਦਾ ਹੋਣ ਕਾਰਨ ਵਿਧਾਨ ਸਭਾ ਵਿਚ ਦੋ ਸੀਟਾਂ ਅਜੇ ਤਕ ਖਾਲ੍ਹੀ ਹਨ। ਇਨ੍ਹਾਂ ਸੀਟਾਂ ਲਈ ਉਪ ਚੋਣ ਨਹੀਂ ਕਰਵਾਈ ਗਈ ਹੈ।