ਸਟੇਟ ਬਿਊਰੋ, ਕੋਲਕਾਤਾ : ਪਿਛਲੇ ਕੁਝ ਹਫ਼ਤਿਆਂ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਗੰਗਾ ਨਦੀ 'ਚੋਂ ਵੱਡੀ ਗਿਣਤੀ 'ਚ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਕੋਲਕਾਤਾ ਦੇ ਮੱਛੀ ਕਾਰੋਬਾਰੀ ਇਥੋਂ ਮੱਛੀ ਖ਼ਰੀਦਣ ਤੋਂ ਕਤਰਾ ਰਹੇ ਹਨ। ਅੰਦਾਜ਼ੇ ਮੁਤਾਬਕ, ਕੋਲਕਾਤਾ 'ਚ ਹਰ ਰੋਜ਼ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਸਾਢੇ ਤਿੰਨ ਤੋਂ ਚਾਰ ਟਨ ਮੱਛੀ ਮੰਗਵਾਈ ਜਾਂਦੀ ਹੈ। ਇਸ ਤੋਂ ਇਲਾਵਾ ਗੁਜਰਾਤ ਤੇ ਆਂਧਰ ਪ੍ਰਦੇਸ਼ ਤੋਂ ਵੀ ਮੱਛੀ ਮੰਗਵਾਈ ਜਾਂਦੀ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਬੰਗਾਲ ਦੇ ਬਾਜ਼ਾਰਾਂ 'ਚ ਮੱਛੀ ਦੀ ਕਮੀ ਹੋ ਸਕਦੀ ਹੈ। ਅਸਲ 'ਚ ਗੰਗਾ ਨਦੀ 'ਚ ਕਥਿਤ ਤੌਰ 'ਤੇ ਕੋਰੋਨਾ ਇਨਫੈਕਟਿਡਾਂ ਦੀਆਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਲੋਕ ਕਾਫੀ ਡਰ ਗਏ ਹਨ।