ਬੀਜਿੰਗ (ਪੀਟੀਆਈ) : ਦੁਨੀਆ 'ਚ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਵਾਇਰਸ ਨੌ ਹੋਰ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਅਜਿਹੇ ਦੇਸ਼ਾਂ ਦੀ ਗਿਣਤੀ 85 ਤੋਂ ਵੱਧ ਕੇ 94 ਹੋ ਗਈ ਹੈ। ਦੁਨੀਆ ਭਰ ਵਿਚ ਵਾਇਰਸ ਪ੍ਰਭਾਵਿਤ ਲੋਕਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਪਹੁੰਚ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 3491 ਹੋ ਗਈ ਹੈ। ਈਰਾਨ ਵਿਚ ਇਕ ਸੰਸਦ ਮੈਂਬਰ ਸਮੇਤ 21 ਪੀੜਤਾਂ ਨੇ ਦਮ ਤੋੜ ਦਿੱਤਾ। ਚੀਨ ਵਿਚ 28 ਮੌਤਾਂ ਹੋਣ ਦੀ ਖ਼ਬਰ ਹੈ। ਦੱਖਣੀ ਕੋਰੀਆ ਅਤੇ ਜਾਪਾਨ ਵਿਹਚ ਵੀ ਲੋਕ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਹ ਵਾਇਰਸ ਮੱਧ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੀ ਦੁਨੀਆ ਭਰ ਵਿਚ ਫੈਲਿਆ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਸ਼ੁਕਰਵਾਰ ਨੂੰ ਦੱਸਿਆ ਕਿ ਚੀਨ ਤੋਂ ਬਾਹਰ 94 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਪਹੁੰਚਣ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਦੌਰਾਨ ਫਿਲੀਪੀਂਸ, ਨਿਊਜ਼ੀਲੈਂਡ, ਆਇਰਲੈਂਡ, ਚੈੱਕ ਗਣਰਾਜ, ਸਲੋਵੇਨੀਆ, ਭੂਟਾਨ, ਕੈਮਰੂਨ, ਸਰਬੀਆ ਤੇ ਦੱਖਣੀ ਅਫਰੀਕਾ ਵਿਚ ਪਹਿਲੇ ਮਾਮਲੇ ਸਾਹਮਣੇ ਆਏ।

ਇਸੇ ਦੌਰਾਨ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੰਗ ਨੂੰ ਈਰਾਨ ਦੇ ਵਿਸ਼ੇਸ਼ ਬਲ ਰੈਵੋਲੂਸ਼ਨਰੀ ਗਾਰਡਜ਼ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਅਮਰੀਕਾ ਵਿਚ ਕੈਲੀਫੋਰਨੀਆ ਪ੍ਰਾਂਤ ਦੇ ਸਾਨ ਫਰਾਂਸਿਸਕੋ ਤਟ 'ਤੇ ਖੜ੍ਹੇ ਗਰੈਂਡ ਪ੍ਰਿੰਸੇਜ਼ ਕਰੂਜ਼ 'ਤੇ ਕੋਰੋਨਾ ਵਾਇਰਸ ਦੇ 21 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਰੂਜ਼ 'ਤੇ ਕਰੀਬ 3500 ਲੋਕ ਸਵਾਰ ਹਨ। ਅਮਰੀਕਾ ਦੀਆਂ ਜੇਲ੍ਹਾਂ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਜੇਲ੍ਹਾਂ ਵਿਚ ਅਜੇ ਤਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਨਵੀਂ ਦਿੱਲੀ (ਏਐੱਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨਿਚਰਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਵੱਖ-ਵੱਖ ਮੰਤਰਾਲਿਆਂ ਦੁਆਰਾ ਹੁਣ ਤਕ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਪ੍ਰਧਾਨ ਮੰਤਰੀ ਨੇ ਇਸ ਬੈਠਕ ਵਿਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਾਲਾਤਾਂ ਦੀ ਵੀ ਜਾਣਕਾਰੀ ਲਈ। ਬੈਠਕ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਵਿਦੇਸ਼ ਮੰਤਰਾ ਐੱਸ ਜੈਸ਼ੰਕਰ, ਕੇਂਦਰ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਨਾਲ ਨਾਲ ਵੱਖ-ਵੱਖ ਮੰਤਰਾਲਿਆਂ ਦੇ ਉੱਘੇ ਅਧਿਕਾਰੀ ਮੌਜੂਦ ਸਨ।

ਪੀਐੱਮਓ ਵਿਚ ਹੋਈ ਇਸ ਬੈਠਕ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਈਰਾਨ ਵਿਚ ਫਸੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਕੱਢਣ ਦੀ ਯੋਜਨਾ ਬਣਾਉਣ। ਉੱਧਰ, ਕੇਂਦਰੀ ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਵਿਚ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਦੋ ਮਾਮਲੇ ਲੱਦਾਖ ਵਿਚ ਸਾਹਮਣੇ ਆਏ ਹਨ। ਇਹ ਦੋਵੇਂ ਹੀ ਮਰੀਜ਼ ਈਰਾਨ ਤੋਂ ਭਾਰਤ ਆਏ ਹਨ ਜਦਕਿ ਇਕ ਮਾਮਲਾ ਤਾਮਿਲਨਾਡੂ ਵਿਚ ਪਾਇਆ ਗਿਆ ਹੈ। ਤਾਮਿਲਨਾਡੂ ਵਿਚ ਜਿਸ ਸ਼ਖ਼ਸ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਉਹ ਓਮਾਨ ਤੋਂ ਭਾਰਤ ਆਇਆ ਸੀ।

ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਬਿਮਾਰੀ ਫੈਲਣ ਦੀ ਸਥਿਤੀ ਵਿਚ ਮਰੀਜ਼ਾਂ ਨੂੰ ਆਈਸੋਲੇਸ਼ਨ ਵਿਚ ਰੱਖਣ ਲਈ ਕਾਫੀ ਥਾਂ ਦੀ ਪਹਿਚਾਣ ਕਰ ਲੈਣ।

Posted By: Susheel Khanna