ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ 16 ਮਾਰਚ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਹੁਕਮ ਜਾਰੀ ਕੀਤਾ ਹੈ। ਭਾਰਤ 'ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 109 ਤਕ ਪਹੁੰਚ ਗਿਆ ਹੈ। ਜੰਮੂ-ਕਸ਼ਮੀਰ ਤੇ ਲੱਦਾਖ ਤੋਂ ਲੈ ਕੇ ਕੇਰਲ ਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤਕ ਫੈਲਦੇ ਜਾ ਰਹੇ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਕਰਫਿਊ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਮਾਲ, ਸਿਨੇਮਾਘਰ, ਪਬ, ਜਿਮ, ਸਕੂਲ ਤੇ ਕਾਲਜ ਤਾਂ ਬੰਦ ਕਰ ਦਿੱਤੇ ਗਏ ਹਨ, ਲੋਕਾਂ ਨੂੰ ਬਹੁਤ ਜ਼ਰੂਰੀ ਹੋਣ 'ਤੇ ਹੀ ਘਰਾਂ 'ਚੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਭਾਰਤ 'ਚ ਹੁਣ ਤਕ 109 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ। ਉੱਥੇ ਹੀ, ਦੁਨੀਆ ਭਰ 'ਚ ਇਸ ਵਾਇਰਸ ਕਾਰਨ 5800 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਡੇਢ ਲੱਖ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹਨ, ਰਾਹਤ ਦੀ ਗੱਲ ਇਹ ਹੈ ਕਿ 67 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਗਏ ਹਨ।

Live Coronavirus News Updates :

ਕੋਰੋਨਾ ਵਾਇਰਸ ਦਾ ਪਹਿਲਾ ਤੇ ਦੂਸਰਾ ਟੈਸਟ ਸਾਰੇ ਨਾਗਰਿਕਾਂ ਲਈ ਮੁਫ਼ਤ

ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਹਿਲਾ ਤੇ ਦੂਜਾ ਟੈਸਟ ਸਾਰੇ ਨਾਗਰਿਕਾਂ ਲਈ ਮੁਫ਼ਤ ਹੈ। ਦੇਸ਼ ਦੀ ਜ਼ਿਆਦਾ ਸਮਰੱਥਾ ਹੈ ਇਸ ਦਾ ਸਿਰਫ 10 ਫੀਸਦੀ ਹੁਣ ਤਕ ਇਸਤੇਮਾਲ ਹੋਇਆ ਹੈ।

ਮਹਾਰਾਸ਼ਟਰ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, PM ਮੋਦੀ ਨੇ ਊਧਵ ਠਾਕਰੇ ਨਾਲ ਕੀਤੀ ਗੱਲਬਾਤ

-ਮੱਧ ਪ੍ਰਦੇਸ਼ ਦੇ ਮੰਤਰੀ ਪੀਸੀ ਸ਼ਰਮਾ ਮੁਤਾਬਿਕ ਸੂਬਾ ਮੰਤਰੀ ਮੰਡਲ ਦੀ ਬੈਠਕ 'ਚ ਚਰਚਾ ਕੀਤੀ ਗਈ ਹੈ ਕਿ ਸਾਡੇ ਵਿਧਾਇਕ ਜਿਹੜੇ ਜੈਪੁਰ ਤੋਂ ਆਏ ਹਨ, ਉਨ੍ਹਾਂ ਦਾ ਮੈਡੀਕਲ ਟੈਸਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਬੈਂਗਲੁਰੂ 'ਚ ਰਹਿਣ ਵਾਲੇ ਵਿਧਾਇਕਾਂ ਦਾ ਵੀ ਮੈਡੀਕਲ ਟੈਸਟ ਕੀਤਾ ਜਾਣਾ ਚਾਹੀਦਾ ਹੈ।

-ਬਾਹਰੀ ਮੁੰਬਈ ਨਗਰ ਨਿਗਮ (BMC) ਨੇ ਕੋਰੋਨਾ ਵਾਇਰਸ ਦਾ ਪਸਾਰਾ ਰੋਕਣ ਲਈ ਮੁੰਬਈ ਚਿੜੀਆਘਰ (ਵੀਰ ਮਾਤਾ ਜੀਜਾਬਾਈ ਭੋਸਲੇ ਉਦਯੋਗ ਤੇ ਚਿੜੀਆਘਰ) ਨੂੰ ਅਗਲੇ ਹੁਕਮ ਤਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

-ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਪੀਐੱਮ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਸੀਐੱਮ ਊਧਵ ਠਾਕਰੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੀ ਸਥਿਤੀ ਤੇ ਇਸ ਸਬੰਧੀ ਉਪਾਵਾਂ 'ਤੇ ਚਰਚਾ ਕੀਤੀ।

ਮੱਧ ਪ੍ਰਦੇਸ਼ 'ਚ ਸਕੂਲ, ਸਿਨੇਮਾ ਹਾਲ ਬੰਦ

ਮੱਧ ਪ੍ਰਦੇਸ਼ 'ਚ ਸਕੂਲ, ਕਾਲਜ, ਕਿਤਾਬਘਰ, ਸਿਨੇਮਾ ਹਾਲ, ਮੈਰਿਜ ਹਾਲ ਆਦਿ ਉਦੋਂ ਤਕ ਬੰਦ ਰਹਿਣਗੇ। ਮੱਧ ਪ੍ਰਦੇਸ਼ ਦੇ ਮੰਤਰੀ ਪੀਸੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ 'ਚ 50 ਆਇਸੋਲੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਹਨ। ਅਸੀਂ ਇਸ ਨਾਲ ਨਜਿੱਠਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਾਂ।

ਕੇਰਲ 'ਚ ਟੂਰਿਜ਼ਮ ਇੰਡਸਟਰੀ 'ਤੇ ਕੋਰੋਨਾ ਦਾ ਅਸਰ

ਕੇਰਲ 'ਚ ਕੋਰੋਨਾ ਵਾਇਰਸ ਕਾਰਨ ਟੂਰਿਜ਼ਮ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੇਰਲ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਕੋੱਚੀ ਚੈਪਟਰ ਦੇ ਮੁਖੀ ਅਜ਼ੀਜ਼ ਨੇ ਦੱਸਿਆ ਕਿ ਸੈਲਾਨੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਸੀਂ ਹੁਣ ਰਾਤ 9 ਵਜੇ ਤਕ ਰੈਸਤਰਾਂ ਬੰਦ ਕਰਨ ਲਈ ਮਜਬੂਰ ਹਾਂ। ਪਹਿਲਾਂ ਰਾਤ ਸਾਢੇ 11 ਵਜੇ ਤਕ ਖੁੱਲ੍ਹੇ ਰਹਿੰਦੇ ਸਨ।

ਸ਼ਿਰਡੀ ਦੀ ਯਾਤਰਾ ਨਾ ਕਰਨ ਦੀ ਅਪੀਲ

ਸ਼ਿਰਡੀ ਦੇ ਸਾਈਂ ਬਾਬਾ ਸੰਸਥਾਨ ਟਰੱਸਟ ਦੇ ਸੀਈਓ ਅਰੁਣ ਡੋਂਗਰੇ ਮੁਤਾਬਿਕ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਭਗਤਾਂ ਨੂੰ ਕੁਝ ਦਿਨਾਂ ਲਈ ਸ਼ਿਰਡੀ ਦੀ ਯਾਤਰਾ ਮੁਤਲਵੀ ਕਰਨ ਦੀ ਅਪੀਲ ਕਰਦੇ ਹਾਂ।

ਮਹਾਰਾਸ਼ਟਰ 'ਚ 32 ਮਰੀਜ਼ਾਂ ਦੀ ਪੁਸ਼ਟੀ

ਮਹਾਰਾਸ਼ਟਰ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਕ 59 ਸਾਲਾ ਔਰਤ ਦਾ ਕੋਰੋਨਾ ਟੈਸਟ ਪੌਜ਼ਿਟਿਵ ਹੈ। ਔਰਤ ਨੇ ਰੂਸ ਤੇ ਕਜ਼ਾਕਿਸਤਾਨ ਦੀ ਯਾਤਰਾ ਕੀਤੀ ਸੀ। ਇਸੇ ਦੇ ਨਾਲ ਸੂਬੇ 'ਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ ਵਧ ਕੇ 32 ਹੋ ਗਈ ਹੈ।

ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 100 ਦੇ ਪਾਰ

ਕੋਰੋਨਾ ਵਾਇਰਸ ਦੇ ਮਾਮਲੇ ਵਧਣ ਨਾਲ ਭਾਰਤ 'ਚ ਦਹਿਸ਼ਤ ਵਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਭਾਰਤ 'ਚ ਇਹ ਅੰਕੜਾ 107 ਹੋ ਗਿਆ ਹੈ। ਇਨ੍ਹਾਂ ਵਿਚੋਂ 9 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 2 ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਨਾਗਪੁਰ 'ਚ ਮਾਲ ਬੰਦ

ਕੋਰੋਨਾ ਵਾਇਰਸ ਕਾਰਨ ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਾਗਪੁਰ 'ਚ ਮਾਲ ਬੰਦ ਕਰ ਦਿੱਤਾ ਗਿਆ ਹੈ।

7ਵੀਂ, 8ਵੀਂ ਤੇ 9ਵੀਂ ਦੀ ਪ੍ਰੀਖਿਆ ਮੁਲਤਵੀ

ਕਰਨਾਟਕ : ਕੋਰੋਨਾ ਦੇ ਵਧਦੇ ਸੰਕ੍ਰਮਣ ਨੂੰ ਦੇਖਦੇ ਹੋਏ ਇਹਤਿਆਤਨ ਸਿੱਖਿਆ ਮੰਤਰੀ ਐੱਸ ਸੁਰੇਸ਼ ਕੁਮਾਰ ਨੇ 31 ਮਾਰਚ ਤਕ 7ਵੀਂ, 8ਵੀਂ ਤੇ 9ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਹੁਕਮ ਦਿੱਤਾ ਹੈ।

ਲੋਕਲ ਬਾਡੀ ਚੋਣਾਂ ਮੁਲਤਵੀ

ਆਂਧਰ ਪ੍ਰਦੇਸ਼ ਦੇ ਚੋਣ ਕਮਿਸ਼ਨਰ ਐੱਨ ਰਮੇਸ਼ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪਸਾਰੇ ਦੇ ਮੱਦੇਨਜ਼ਰ ਲੋਕਲ ਬਾਡੀ ਚੋਣਾਂ ਛੇ ਹਫ਼ਤਿਆਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਵਾਇਰਸ ਫੈਲਣ ਤੋਂ ਬਾਅਦ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

12 ਸੂਬਿਆਂ 'ਚ ਫੈਲਿਆ ਕੋਰੋਨਾ

ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਸਰਕਾਰ ਨੇ ਸਿਵਲ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਇਕ ਆਇਸੋਲੇਸ਼ਨ ਵਾਰਡ ਬਣਾਉਣ ਨੂੰ ਕਿਹਾ ਹੈ। ਅਸੀਂ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਹੁਣ ਤਕ 12 ਸੂਬਿਆਂ 'ਚ ਫੈਲ ਚੁੱਕਾ ਹੈ।

ਕਰਤਾਰਪੁਰ ਸਾਹਿਬ ਤੀਰਥ ਯਾਤਰਾ 'ਤੇ ਰੋਕ

ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਗੁਰਦੁਆਰਾ ਲਈ ਤੀਰਥ ਯਾਤਰਾ ਤੇ ਰਜਿਸਟ੍ਰੇਸ਼ਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 16 ਮਾਰਚ ਨੂੰ ਰਾਤ 12 ਵਜੇ ਤੋਂ ਪਾਕਿਸਤਾਨ ਦੇ ਨਾਲ ਕੌਮਾਂਤਰੀ ਹੱਦ 'ਤੇ ਹਰ ਤਰ੍ਹਾਂ ਦੇ ਯਾਤਰੀਆਂ ਦੀ ਆਵਾਜਾਈ ਮੁਲਤਵੀ ਕਰ ਦਿੱਤੀ ਜਾਵੇਗੀ।

ਜੈਸਲਮੇਰ ਪੁੱਜੇ ਈਰਾਨ ਤੋਂ ਆਏ ਭਾਰਤੀ

ਈਰਾਨ ਤੋਂ ਲਿਆਂਦੇ ਗਏ 236 ਭਾਰਤੀ ਨਾਗਰਿਕਾਂ ਨੂੰ ਜੈਸਲਮੇਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਇੱਥੇ ਭਾਰਤੀ ਫ਼ੌਜ ਦੇ ਵੈੱਲਨੈੱਸ ਸੈਂਟਰ 'ਚ ਰੱਖਿਆ ਗਿਆ ਹੈ।

ਬੇਗੋਨਾ ਗੋਮੇਜ਼ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ

ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਪਤਨੀ ਬੇਗੋਨਾ ਗੋਮੇਜ਼ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਭਾਰਤ 'ਚ 93 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ

ਭਾਰਤ 'ਚ ਹੁਣ ਤਕ 93 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ ਉੱਥੇ ਹੀ ਭਾਰਤ 'ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਲਗਪਗ 93 ਲੋਕ ਸੰਕ੍ਰਮਿਤ ਹੋਏ ਹਨ। ਹਾਲਾਂਕਿ, ਦੇਸ਼ ਵਿਚ ਇਸ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ 10 ਲੋਕ ਠੀਕ ਵੀ ਹੋ ਚੁੱਕੇ ਹਨ। ਸੰਕ੍ਰਮਿਤ ਲੋਕਾਂ 'ਚ ਕੇਰਲ ਦੇ 19 (ਜਿਨ੍ਹਾਂ ਵਿਚ ਸਿਹਤਮੰਦ ਹੋ ਚੁੱਕੇ ਤਿੰਨ ਮਰੀਜ਼ ਸ਼ਾਮਲ ਹਨ), ਦਿੱਲੀ ਦੇ 6, ਉੱਤਰ ਪ੍ਰਦੇਸ਼ ਦੇ 11, ਕਰਨਾਟਕ ਦੇ 6, ਮਹਾਰਾਸ਼ਟਰ ਦੇ 14, ਲੱਦਾਖ ਦੇ ਤਿੰਨ, ਜੰਮੂ-ਕਸ਼ਮੀਰ ਦੇ ਦੋ ਤੇ ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਆਂਧਰ ਪ੍ਰਦੇਸ਼ ਤੇ ਪੰਜਾਬ ਦਾ ਇਕ-ਇਕ ਮਾਮਲਾ ਸ਼ਾਮਲ ਹਨ।

ਈਰਾਨ 'ਚ ਫਸੇ 234 ਭਾਰਤੀ ਦੇਸ਼ ਪਰਤੇ

ਭਾਰਤ ਸਰਕਾਰ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਸ਼ਨਿਚਰਵਾਰ ਦੇ ਰਾਤ ਈਰਾਨ ਤੋਂ 234 ਭਾਰਤੀਆਂ ਨੂੰ ਲੈ ਕੇ ਇਕ ਜਹਾਜ਼ ਮੁੰਬਈ ਏਅਰ ਪੁੱਜਾ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੱਸਿਆ ਕਿ ਇਸ ਜੱਥੇ 'ਚ 131 ਵਿਦਿਆਰਥੀ ਤੇ 103 ਤੀਰਥ ਯਾਤਰੀ ਸ਼ਾਮਲ ਹਨ। ਇਸੇ ਤਰ੍ਹਾਂ ਸ਼ਨਿਚਰਵਾਰ ਦੁਪਹਿਰੇ ਇਟਲੀ ਤੋਂ ਰਵਾਨਾ ਹੋਇਆ ਏਅਰ ਇੰਡੀਆ ਦਾ ਇਕ ਜਹਾਜ਼ ਐਤਵਾਰ ਨੂੰ ਭਾਰਤੀ ਨੂੰ ਲੈ ਕੇ ਦਿੱਲੀ ਏਅਰਪੋਰਟ 'ਤੇ ਉਤਰੇਗਾ। ਸ਼ੁੱਕਰਵਾਰ ਨੂੰ 44 ਯਾਤਰੀਆਂ ਦਾ ਜੱਥਾ ਈਰਾਨ ਤੋਂ ਭਾਰਤ ਪਰਤਿਆ ਸੀ।

ਆਫ਼ਤ ਦੀ ਸ਼੍ਰੇਣੀ 'ਚ ਸ਼ਾਮਲ ਕੋਰੋਨਾ ਵਾਇਰਸ

ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਨੂੰ ਆਫ਼ਤ ਦੀ ਸ਼੍ਰੇਣੀ 'ਚ ਸ਼ਾਮਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਸੂਬਿਆਂ ਨੂੰ ਆਫ਼ਤ ਫੰਡ ਦਾ ਖਜ਼ਾਨਾ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਹਾਲਾਂਕਿ ਸੂਬੇ ਇਸ ਆਫ਼ਤ ਫੰਡ 'ਚ ਮਿਲਣ ਵਾਲੀ ਕੁਝ ਸਾਲਾਨਾ ਰਕਮ ਦਾ 25 ਫ਼ੀਸਦੀ ਤਕ ਹੀ ਖ਼ਰਚ ਕਰ ਸਕਣਗੇ।

Posted By: Seema Anand