ਜੇਐਨਐਨ,ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਸਥਿਤ ਤਬਲੀਗੀ ਮਰਕਜ਼ ਜਮਾਤ ਚੋਂ ਪੰਜ ਦਿਨ ਤਕ ਚਲੀ ਕਾਰਵਾਈ ਤੋਂ ਬਾਅਦ 2361 ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਨ੍ਹਾਂ ਵਿਚੋਂ ਹੁਣ ਤਕ 41 ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਮੁਤਾਬਕ, 2361 ਲੋਕਾਂ ਵਿਚੋਂ 617 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਦਕਿ ਬਾਕੀ ਬਚੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

ਪੰਜ ਦਿਨ ਤਕ ਚਲਿਆ ਆਪਰੇਸ਼ਨ

ਪੁਲਿਸ ਸੂਤਰਾਂ ਮੁਤਾਬਕ 2361 ਲੋਕਾਂ ਨੂੰ ਕੱਢਣ ਲਈ ਕੁਲ 5 ਦਿਨ ਦਾ ਸਮਾਂ ਲੱਗਾ। ਦਰਅਸਲ ਐਤਵਾਰ ਤੋਂ ਸ਼ੁਰੂ ਹੋਇਆ ਆਪਰੇਸ਼ਨ ਬੁੱਧਵਾਰ ਸਵੇਰੇ 3.30 ਵਜੇ ਖ਼ਤਮ ਹੋਇਆ। ਇਸ ਤੋਂ ਬਾਅਦ ਪਤਾ ਲੱਗਾ ਕਿ ਤਬਲੀਗੀ ਮਰਕਜ਼ ਜਮਾਤ ਵਿਚੋਂ 2361 ਲੋਕ ਕੱਢੇ ਗਏ ਹਨ। ਹੁਣ ਉਥੇ ਕੋਈ ਨਹੀਂ ਹੈ। ਜਦੋਂ ਪੁਲਿਸ ਟੀਮ ਇਨ੍ਹਾਂ ਸਾਰਿਆਂ ਨੂੰ ਕੱਢਣ ਲਈ ਉਥੇ ਪਹੁੰਚੀ ਤਾਂ ਕੁਝ ਲੋਕ ਬਾਥਰੂਮ ਵਿਚ ਜਾ ਲੁਕੇ।

ਨਹੀਂ ਦਿੱਤੀ ਲੋਕਾਂ ਦੀ ਸਹੀ ਜਾਣਕਾਰੀ

ਦਰਅਸਲ ਮਰਕਜ਼ ਵਾਲੇ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੇ ਸਨ, ਇਸ ਲਈ ਪੁਲਿਸ ਨੂੰ ਅੰਦਾਜ਼ਾ ਸੀ ਕਿ ਲਗਪਗ 1500 ਲੋਕ ਹੋ ਸਕਦੇ ਹਨ ਪਰ ਜਦੋਂ ਲੋਕਾਂ ਨੂੰ ਕੱਢਿਆ ਗਿਆ ਤਾਂ ਉਥੋਂ ਨਿਕਲੇ ਲੋਕਾਂ ਦੀ ਗਿਣਤੀ 2361 ਤਕ ਪਹੁੰਚ ਗਈ।

ਫਿਲਹਾਲ ਨਰੇਲਾ, ਸੁਲਤਾਨਪੁਰੀ, ਬੁਰਾੜੀ ਅਤੇ ਬਵਾਨਾ ਵਿਚ ਰੱਖਿਆ ਗਿਆ ਹੈ।

617 ਲੋਕ ਕਰਾਏ ਗਏ ਹਸਪਤਾਲ 'ਚ ਭਰਤੀ

ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਮੁਤਾਬਕ ਜੋ ਬਿਮਾਰ ਹਨ, ਉਨ੍ਹਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ, ਜੀਟੀਪੀ ਐਲਐਨਜੇਪੀ, ਆਰਐਮਐਲ, ਦੀਨ ਦਿਆਲ ਆਦਿ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।

ਮੌਲਾਨਾ ਸਣੇ 7 ਲੋਕਾਂ ਖਿਲਾਫ਼ ਐਫਆਈਆਰ

ਪੁਲਿਸ ਨੇ ਮਰਕਜ਼ ਤੋਂ ਇਲਾਵਾ ਤਿੰਨ ਕਿਲੋਮੀਟਰ ਦੇ ਏਰੀਏ ਨੂੰ ਕਈ ਵਾਰ ਸੈਨੇਟਾਈਜ਼ ਕਰਾਉਣ ਦਾ ਕੰਮ ਸ਼ੁਰੂ ਕੀਤਾ ਹੈ। ਮਰਕਜ਼ ਨੂੰ ਸੀਲ ਕੀਤਾ ਗਿਆ ਹੈ ਅਤੇ ਇਸ ਦੇ ਚਾਰੇ ਪਾਸੇ ਵੱਡੀ ਗਿਣਤੀ ਵਿਚ ਪੈਰਾਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਰਕਜ਼ ਦੇ ਹੈੱਡ ਮੌਲਾਨਾ ਮੁਹੰਮਦ ਸਾਦ ਸਣੇ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਣਪਛਾਤਿਆਂ ਖਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ।

Posted By: Tejinder Thind