ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ’ਚ ਲਾਗ ਦੇ ਮਾਮਲੇ ਤਾਂ ਵਧ ਹੀ ਰਹੇ ਹਨ, ਨਾਲ ਹੀ ਮੌਤਾਂ ਦਾ ਗ੍ਰਾਫ ਵੀ ਤੇਜ਼ੀ ਨਾਲ ਉੱਪਰ ਉੱਠ ਰਿਹਾ ਹੈ। ਦੇਸ਼ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ ਹੁਣ ਤਕ ਸਭ ਤੋਂ ਜ਼ਿਆਦਾ 2 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ 10 ਦਿਨਾਂ ’ਚ ਲਗਪਗ ਡਬਲ ਹੋ ਗਏ ਹਨ। ਅਮਰੀਕਾ ’ਚ ਇਕ ਲੱਖ ਤੋਂ 2 ਲੱਖ ਮਾਮਲੇ ਪਹੁੰਚਣ ’ਚ 21 ਦਿਨ ਲੱਗੇ ਸੀ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਕੇਰਲ ਸਮੇਤ 16 ਸੂਬਿਆਂ ’ਚ ਸੰਕ੍ਰਮਣ ਤੇਜ਼ੀ ਨਾਲ ਵੱਧ ਰਿਹਾ ਹੈ। ਇਨ੍ਹਾਂ ’ਚੋਂ ਇਕੱਲੇ ਮਹਾਰਾਸ਼ਟਰ ’ਚ ਹੀ ਸਭ ਤੋਂ ਜ਼ਿਆਦਾ ਐਕਟਿਵ ਕੇਸ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 2 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 1,038 ਲੋਕਾਂ ਦੀ ਮੌਤ ਹੋਈ ਹੈ ਤੇ ਮਿ੍ਰਤਕਾਂ ਦੀ ਗਿਣਤੀ 1,73,123 ਹੋ ਗਈ ਹੈ। ਪਿਛਲੇ ਸਾਲ 18 ਅਕਤੂਬਰ ਤੋਂ ਪਹਿਲੀ ਵਾਰ ਇਕ ਦਿਨ ’ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਦੇਸ਼ ’ਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਇਕ ਕਰੋੜ 40 ਲੱਖ 74 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ’ਚੋਂ ਇਕ ਕਰੋੜ 24 ਲੱਖ 29 ਹਜ਼ਾਰ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

Posted By: Sunil Thapa