ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਤਿੰਨ ਦਿਨ ਬਾਅਦ ਕੁਝ ਗਿਰਾਵਟ ਦੇਖੀ ਗਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਵੀ ਡੇਢ ਲੱਖ ਤੋਂ ਹੇਠਾਂ ਆਈ ਹੈ। ਅਜਿਹੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਵੀ ਵਧ ਕੇ 21 ਹੋ ਗਈ ਹੈ, ਜਿਥੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਜਿਨ੍ਹਾਂ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਮਹਾਮਾਰੀ ਨਾਲ ਕਿਸੇ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਉਨ੍ਹਾਂ ਵਿਚ ਮੱਧ ਪ੍ਰਦੇਸ਼, ਅਸਾਮ, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ, ਓਡੀਸ਼ਾ ਤੇ ਆਂਧਰ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਲਕਸ਼ਦੀਪ, ਮਨੀਪੁਰ, ਸਿੱਕਮ, ਤਿ੍ਪੁਰਾ, ਲੱਦਾਖ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਅਰੁਨਾਚਲ ਪ੍ਰਦੇਸ਼, ਅੰਡੇਮਾਨ-ਨਿਕੋਬਾਰ ਦੀਪ ਸਮੂਹ, ਦਮਨ ਤੇ ਦੀਵ ਤੇ ਦਾਦਰਾ ਤੇ ਨਗਰ ਹਵੇਲੀ 'ਚ ਵੀ ਬੀਤੇ 24 ਘੰਟਿਆਂ ਦੌਰਾਨ ਕਿਸੇ ਮਰੀਜ਼ ਦੀ ਮੌਤ ਮਹਾਮਾਰੀ ਦੀ ਵਜ੍ਹਾ ਨਾਲ ਨਹੀਂ ਹੋਈ ਹੈ।

ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ ਪੂਰੇ ਦੇਸ਼ 'ਚ 10,584 ਨਵੇਂ ਮਾਮਲੇ ਮਿਲੇ ਜਦਕਿ 13,255 ਮਰੀਜ਼ ਇਨਫੈਕਸ਼ਨ ਤੋਂ ਠੀਕ ਹੋਏ। ਇਸ ਤਰ੍ਹਾਂ ਸਰਗਰਮ ਮਾਮਲਿਆਂ ਅਰਥਾਤ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟੀ ਤੇ ਕੁਲ 2.749 ਮਾਮਲਿਆਂ ਦੀ ਗਿਰਾਵਟ ਦਰਜ ਕੀਤੀ ਗਈ। ਮੌਜੂਦਾ 'ਚ ਕੁਲ 1,47,306 ਸਰਗਰਮ ਮਾਮਲੇ ਹਨ, ਜੋ ਕੁਲ ਇਨਫੈਕਟਿਡਾਂ ਦਾ 1.34 ਫ਼ੀਸਦੀ ਹੈ। ਇਸ ਦੌਰਾਨ 78 ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਨੂੰ ਰਲਾ ਕੇ ਕੁਲ ਇਨਫੈਕਟਿਡਾਂ ਦਾ ਅੰਕੜਾ ਇਕ ਕਰੋੜ 10 ਲੱਖ 16 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿਚੋਂ ਇਕ ਕਰੋੜ ਸੱਤ ਲੱਖ 12 ਹਜ਼ਾਰ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 1,56,463 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ 97.24 ਫ਼ੀਸਦੀ ਤੇ ਮੌਤ ਦੀ ਦਰ 1.42 ਫ਼ੀਸਦੀ ਹੈ।

ਮੰਤਰਾਲੇ ਮੁਤਾਬਕ ਰੋਜ਼ਾਨਾ ਇਨਫੈਕਸ਼ਨ ਦੀ ਦਰ ਤਿੰਨ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ। ਮੌਤਾਂ ਦਾ ਰੋਜ਼ਾਨਾ ਅੰਕੜਾ ਵੀ ਘੱਟ ਹੋ ਰਿਹਾ ਹੈ।

ਸੋਮਵਾਰ ਨੂੰ 6.78 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਸੋਮਵਾਰ ਨੂੰ ਪੂਰੇ ਦੇਸ਼ 'ਚ 6,78,685 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਰਲਾ ਕੇ ਹੁਣ ਤਕ ਕੁਲ 21 ਕਰੋੜ 22 ਲੱਖ 30 ਹਜ਼ਾਰ ਤੋਂ ਜ਼ਿਆਦਾ ਨਮੂਨਿਆਂ ਦਾ ਪ੍ਰਰੀਖਣ ਕੀਤਾ ਜਾ ਚੁੱਕਾ ਹੈ।

ਮਹਾਰਾਸ਼ਟਰ ਦੇ ਠਾਣੇ 'ਚ 479 ਨਵੇਂ ਕੇਸ, ਪੰਜ ਮੌਤਾਂ

ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਠਾਣੇ ਜ਼ਿਲ੍ਹੇ 'ਚ 479 ਨਵੇਂ ਮਾਮਲੇ ਪਾਏ ਗਏ ਹਨ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ। ਜ਼ਿਲ੍ਹੇ 'ਚ ਹੁਣ 2.61 ਲੱਖ ਇਨਫੈਕਟਿਡ ਪਾਏ ਜਾ ਚੁੱਕੇ ਹਨ। ਜ਼ਿਲ੍ਹੇ 'ਚ ਇਨਫੈਕਸ਼ਨ ਦੀ ਦਰ 2.40 ਫ਼ੀਸਦੀ ਹੈ। ਹਾਲੇ ਜ਼ਿਲ੍ਹੇ 'ਚ 4,473 ਸਰਗਰਮ ਮਾਮਲੇ ਹਨ।

ਮੁੰਬਈ 'ਚ ਮਾਸਕ ਨਾ ਪਾਉਣ 'ਤੇ 200 ਰੁਪਏ ਦਾ ਜੁਰਮਾਨਾ

ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਟਵੀਟ ਕੇ ਕਿਹਾ ਕਿ ਮਹਾਰਾਸ਼ਟਰ 'ਚ ਮਾਸਕ ਨਾ ਪਾਉਣ 'ਤੇ 200 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ, ਇਕ ਹਜ਼ਾਰ ਰੁਪਏ ਦਾ ਨਹੀਂ। ਉਨ੍ਹਾਂ ਨੇ ਇਹ ਸਫ਼ਾਈ ਇਸ ਲਈ ਦਿੱਤੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਮਾਸਕ ਨਾ ਪਾਉਣ 'ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ।

Posted By: Susheel Khanna