ਨਵੀਂ ਦਿੱਲੀ (ਏਜੰਸੀ) : ਕਾਨਪੁਰ ਵਿਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲੇ ਜ਼ੀਰੋ ਵੱਲ ਜਾਂਦੇ-ਜਾਂਦੇ ਫਿਰ 20-30 ’ਤੇ ਆ ਗਏ ਹਨ। ਦਿੱਲੀ ਵਿਚ ਵੀ 40 ਦੇ ਕਰੀਬ ਆਉਂਦੇ-ਆਉਂਦੇ ਗਿਣਤੀ ਫਿਰ 70-80 ਵੱਲ ਵਧਦੀ ਦਿਖ ਰਹੀ ਹੈ। ਦੂਜੀ ਲਹਿਰ ਵਿਚ ਸੈਂਕੜਿਆਂ ਤੇ ਹਜ਼ਾਰਾਂ ਵਿਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਣ ਤੋਂ ਬਾਅਦ ਭਾਵੇਂ ਹੀ ਇਹ ਅੰਕੜੇ ਬਹੁਤ ਘੱਟ ਲੱਗ ਰਹੇ ਹਨ, ਪਰ ਇਨ੍ਹਾਂ ਦੇ ਪਿੱਛੇ ਚਿੰਤਾ ਬਹੁਤ ਵੱਡੀ ਹੈ। ਮਹਾਮਾਰੀ ਦੀ ਨਵੀਂ ਲਹਿਰ ਇੰਝ ਹੀ ਵਧਦੀ ਹੈ। ਇਸ ਲਈ ਇਹ ਸਮਾਂ ਬਹੁਤ ਸੰਭਲ ਕੇ ਚੱਲਣ ਦਾ ਹੈ।

ਦੇਸ਼ ਵਿਚ ਮਹੀਨੇ ਤੋਂ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਮਾਮਲੇ 35 ਤੋਂ 45 ਹਜ਼ਾਰ ਦਰਮਿਆਨ ਬਣੇ ਹੋਏ ਹਨ। ਨਵੇਂ ਮਾਮਲਿਆਂ ਵਿਚ ਗਿਰਾਵਟ ਦਾ ਕ੍ਰਮ ਜਿਸ ਤਰ੍ਹਾਂ ਨਾਲ ਥੰਮਿਆ ਹੋਇਆ ਹੈ, ਉਹ ਸਭ ਦੀ ਚਿੰਤਾ ਵਧਾ ਰਿਹਾ ਹੈ। ਦੂਜੇ ਪਾਸੇ, ਅਮਰੀਕਾ ਅਤੇ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਵਿਚ ਜ਼ੋਰ ਫੜਦੀ ਨਵੀਂ ਲਹਿਰ ਵੀ ਚੌਕੰਨਾ ਹੋਣ ਦੀ ਚਿਤਾਵਨੀ ਦੇ ਰਹੀਆਂ ਹਨ।

ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 43,509 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 3,15,28,114 ਹੋ ਗਈ। ਉੱਥੇ, ਲਗਾਤਾਰ ਦੂਜੇ ਦਿਨ ਜ਼ੇਰੇ-ਇਲਾਜ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਦੇ ਮੁਤਾਬਕ, ਦੇਸ਼ ’ਚ 640 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,22,662 ਹੋ ਗਈ। ਉੱਥੇ ਜ਼ੇਰੇ-ਇਲਾਜ ਮਰੀਜ਼ਾਂ ਦੀ ਗਿਣਤੀ ਵੱਧ ਕੇ 4,03,840 ਹੋ ਗਈ ਹੈ, ਜਿਹੜੀ ਕੁਲ ਮਾਮਲਿਆਂ ਦਾ 1.28 ਫ਼ੀਸਦੀ ਹੈ। ਪਿਛਲੇ 24 ਘੰਟਿਆਂ ’ਚ ਜ਼ੇਰੇ-ਇਲਾਜ ਮਰੀਜ਼ਾਂ ਦੀ ਗਿਣਤੀ ’ਚ ਕੁਲ 4,404 ਵਾਧਾ ਦਰਜ ਕੀਤਾ ਗਿਆ। ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਟੀਕਿਆਂ ਦੀ ਕੁਲ 45.07 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਸੂਬਿਆਂ ਨੂੰ 47.48 ਕਰੋੜ ਤੋਂ ਜ਼ਿਆਦਾ ਡੋਜ਼ ਉਪਲਬਧ ਕਰਾਏ ਗਏ : ਕੇਂਦਰ

ਨਵੀਂ ਦਿੱਲੀ (ਏਜੰਸੀ) : ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤਕ 47.48 ਕਰੋੜ ਤੋਂ ਜ਼ਿਆਦਾ ਕੋਰੋਨਾ ਰੋਕੂ ਵੈਕਸੀਨ ਦੀ ਡੋਜ਼ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੂਬਿਆਂ ਨੂੰ ਛੇਤੀ ਹੀ 53,05,260 ਡੋਜ਼ ਹੋਰ ਮੁਹੱਈਆ ਕਰਾ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ।

ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ, 47,48,77,490 ਡੋਜ਼ ’ਚੋਂ ਕੁਲ 44,74,97,240 ਡੋਜ਼ ਦੀ ਵਰਤੋਂ ਹੋ ਚੁੱਕੀ ਹੈ। ਇਸ ਤਰ੍ਹਾਂ ਸੂਬਿਆਂ ਕੋਲ 2,88,55,050 ਡੋਜ਼ ਹਾਲੇ ਉਪਲਬਧ ਹਨ।

22 ਜੁਲਾਈ ਤਕ ਵੈਕਸੀਨ ਦੇ 6.4 ਕਰੋੜ ਡੋਜ਼ ਵਿਦੇਸ਼ ਭੇਜੀਆਂ : ਸਰਕਾਰ

ਸਰਕਾਰ ਨੇ ਵੀਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਭਾਰਤ ਨੇ 12 ਜਨਵਰੀ ਤੋਂ 22 ਜੁਲਾਈ ਤਕ ਕੋਰੋਨਾ ਰੋਕੂ ਟੀਕਿਆਂ ਦੀਆਂ ਕਰੀਬ 6.4 ਕਰੋੜ ਖੁਰਾਕਾਂ ਦੂਜੇ ਦੇਸ਼ਾਂ ਨੂੰ ਭੇਜੀਆਂ ਹਨ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀ ਕੇ ਸਿੰਘ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤ ਜਵਾਬ ’ਚ ਕਿਹਾ ਕਿ 12 ਜਨਵਰੀ ਤੋਂ 22 ਜੁਲਾਈ ਤਕ 42.2 ਕਰੋੜ ਡੋਜ਼ ਤਿਆਰ ਕੀਤੀਆਂ ਗਈਆਂ। ਇਨ੍ਹਾਂ ’ਚੋਂ ਕਰੀਬ 35.8 ਕਰੋੜ ਡੋਜ਼ ਘਰੇਲੂ ਹਵਾਈ ਅੱਡਿਆਂ ਦੇ ਜ਼ਰੀਏ ਭੇਜੀਆਂ ਗਈਆਂ ਜਦਕਿ 6.4 ਕਰੋੜ ਖੁਰਾਕਾਂ ਵਿਦੇਸ਼ ਭੇਜੀਆਂ ਗਈਆਂ।

Posted By: Jatinder Singh