ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ 'ਚ ਦੇਸ਼ 'ਚ ਮਿਲੀ-ਜੁਲੀ ਤਸਵੀਰ ਸਾਹਮਣੇ ਆਈ ਹੈ। ਸਰਕਾਰ ਨੇ ਕਿਹਾ ਕਿ ਪਿਛਲੇ ਹਫ਼ਤਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਔਸਤ ਮਾਮਲਿਆਂ 'ਚ ਗਿਰਾਵਟ ਦੀ ਦਰ ਘੱਟ ਹੋਈ ਹੈ। ਉਧਰ, ਮਹਾਮਾਰੀ ਦੀ ਦੂਜੀ ਲਹਿਰ 'ਚ ਚਾਰ ਮਹੀਨਿਆਂ ਬਾਅਦ ਸਰਗਰਮ ਮਾਮਲੇ ਚਾਰ ਲੱਖ ਤੋਂ ਹੇਠਾਂ ਆਏ ਹਨ।

ਸਿਹਤ ਮੰਤਰਾਲੇ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪੰਜ ਤੋਂ 11 ਮਈ ਦੌਰਾਨ ਰੋਜ਼ਾਨਾ ਔਸਤਨ 387029 ਮਾਮਲੇ ਮਿਲ ਰਹੇ ਸਨ ਜੋ 21-27 ਜੁਲਾਈ ਦੌਰਾਨ ਘੱਟ ਕੇ ਔਸਤ 38090 ਰਹਿ ਗਏ ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਰੋਜ਼ਾਨਾ ਦੇ ਮਾਮਲਿਆਂ 'ਚ ਗਿਰਾਵਟ ਦੀ ਦਰ ਘੱਟ ਹੋਈ ਹੈ ਜੋ ਚਿੰਤਾ ਦਾ ਕਾਰਨ ਹੈ।

ਅਗਰਵਾਲ ਨੇ ਕਿਹਾ ਕਿ ਅੱਠ ਜ਼ਿਲਿ੍ਹਆਂ 'ਚ ਇਨਫੈਕਸ਼ਨ ਦਰ ਘੱਟ ਹੋ ਰਹੀ ਸੀ ਪਰ ਹੁਣ ਉੱਥੇ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਲਾਤ ਨੂੰ ਹਲਕੇ 'ਚ ਨਹੀਂ ਲੈ ਸਕਦੇ। ਅਗਰਵਾਲ ਨੇ ਦੱਸਿਆ ਕਿ 26 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ 'ਚ 12 ਸੂਬਿਆਂ ਦੇ 54 ਜ਼ਿਲਿ੍ਹਆਂ 'ਚ ਇਨਫੈਕਸ਼ਨ ਦਰ 10 ਫ਼ੀਸਦੀ ਤੋਂ ਜ਼ਿਆਦਾ ਬਣੀ ਹੋਈ ਹੈ।

132 ਦਿਨਾਂ ਬਾਅਦ 30 ਹਜ਼ਾਰ ਤੋਂ ਘੱਟ ਮਿਲੇ ਨਵੇਂ ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਵੱਲੋੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ 132 ਦਿਨ ਬਾਅਦ 30 ਹਜ਼ਾਰ ਤੋਂ ਘੱਟ (29689) ਨਵੇਂ ਕੇਸ ਮਿਲੇ ਹਨ ਅਤੇ 124 ਦਿਨ ਬਾਅਦ ਸਰਗਰਮ ਮਾਮਲੇ ਘੱਟ ਕੇ ਚਾਰ ਲੱਖ ਤੋਂ ਹੇਠਾਂ (398100) ਆਏ ਹਨ। ਪਿਛਲੇ 24 ਘੰਟੇ 'ਚ ਸਰਗਰਮ ਮਾਮਲਿਆਂ 'ਚ 13089 ਦੀ ਕਮੀ ਆਈ ਹੈ।

ਹੁਣ ਤਕ 44 ਕਰੋੜ 19 ਲੱਖ ਟੀਕੇ ਲਗਾਏ ਗਏ

ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸੱਤ ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 44.19 ਕਰੋੜ ਕੋਰੋਨਾ ਰੋਕੂ ਟੀਕੇ ਲਗਾਏ ਗਏ ਹਨ। ਇਸ 'ਚ ਪਿਛਲੇ 24 ਘੰਟਿਆਂ ਦੌਰਾਨ ਲਗਾਏ ਗਏ 65.86 ਲੱਖ ਟੀਕੇ ਵੀ ਸ਼ਾਮਲ ਹਨ। ਮੰਤਰਾਲੇ ਮੁਤਾਬਕ ਫਿਲਹਾਲ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਨਿੱਜੀ ਹਸਪਤਾਲਾਂ ਕੋਲ 2.28 ਕਰੋੜ ਡੋਜ਼ ਬਚੀਆਂ ਹਨ। ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 45.73 ਕਰੋੜ ਟੀਕੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਤੇ 24.11 ਲੱਖ ਟੀਕੇ ਜਲਦ ਹੀ ਉਨ੍ਹਾਂ ਨੂੁੰ ਮੁਹੱਈਆ ਕਰਵਾ ਦਿੱਤੇ ਜਾਣਗੇ।