ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਲਗਾਤਾਰ ਮਰੀਜਾਂ ਦੀ ਨਿਗਰਾਨੀ, ਜਾਂਚ 'ਚ ਵਾਧਾ, ਇਨਫੈਕਸ਼ਨ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਪਛਾਣ ਤੇ ਬਿਹਤਰ ਸਿਹਤ ਸਹੂਲਤਾਂ ਦੇ ਬਲ 'ਤੇ ਭਾਰਤ ਡੇਢ ਮਹੀਨੇ ਬਾਅਦ ਸਰਗਰਮ ਮਰੀਜ਼ਾਂ ਦੀ ਗਿਣਤੀ ਨੂੰ ਅੱਠ ਲੱਖ ਤੋਂ ਹੇਠਾਂ ਲਿਆਉਣ 'ਚ ਕਾਮਯਾਬ ਰਿਹਾ ਹੈ। ਰੋਜ਼ਾਨਾ ਨਵੇਂ ਮਾਮਲਿਆਂ ਤੋਂ ਵੱਧ ਗਿਣਤੀ 'ਚ ਮਰੀਜ਼ ਠੀਕ ਹੋ ਰਹੇ ਹਨ। ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਕੇ 87.78 ਫ਼ੀਸਦੀ ਹੋ ਗਈ ਹੈ। ਮੌਤ ਦਰ 1.52 ਫ਼ੀਸਦੀ 'ਤੇ ਆ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਨੂੰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ 'ਚ 62,212 ਨਵੇਂ ਮਾਮਲੇ ਸਾਹਮਣੇ ਆਏ ਹਨ, 70 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਤੇ 837 ਲੋਕਾਂ ਦੀ ਮੌਤ ਹੋਈ ਹੈ। ਹੁਣ ਤਕ ਦੇਸ਼ ਭਰ 'ਚ ਸਾਹਮਣੇ ਆਏ ਪੀੜਤਾਂ ਦੀ ਗਿਣਤੀ 74.32 ਲੱਖ, ਕੋਰੋਨਾ ਨੂੰ ਮਾਤ ਦੇ ਚੁੱਕੇ ਮਰੀਜ਼ਾਂ ਦਾ ਅੰਕੜਾ 65.24 ਲੱਖ ਤੇ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 1.12 ਲੱਖ ਹੋ ਗਈ ਹੈ। ਸਰਗਰਮ ਮਾਮਲੇ 7.95 ਲੱਖ ਰਹਿ ਗਏ ਹਨ ਜੋ ਕੁਲ ਮਾਮਲਿਆਂ ਦਾ 10.70 ਫ਼ੀਸਦੀ ਹੈ।

ਸ਼ੁੱਕਰਵਾਰ ਨੂੰ ਲਗਪਗ 10 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਕੌਂਸਲ ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਸ਼ੁੱਕਰਵਾਰ ਨੂੰ 9.99 ਲੱਖ ਸੈਂਪਲਾਂ ਦਾ ਟੈਸਟ ਕੀਤਾ ਗਿਆ। ਇਨ੍ਹਾਂ ਨੂੰ ਮਿਲਾ ਕੇ 16 ਅਕਤੂਬਰ ਤਕ 9.32 ਕਰੋੜ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ।

ਮਹਾਰਾਸ਼ਟਰ 'ਚ ਸਭ ਤੋਂ ਵੱਧ ਮੌਤਾਂ

ਕੋਰੋਨਾ ਮਹਾਮਾਰੀ ਨਾਲ ਭਾਰਤ 'ਚ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਇਨ੍ਹਾਂ ਦੀ ਗਿਣਤੀ 41,502 ਹੈ। ਇਸ ਤੋਂ ਬਾਅਦ ਤਾਮਿਲਨਾਡੂ 'ਚ 10,529, ਕਰਨਾਟਕ 'ਚ 10,356, ਉੱਤਰ ਪ੍ਰਦੇਸ਼ 'ਚ 6589, ਆਂਧਰ ਪ੍ਰਦੇਸ਼ 'ਚ 6382, ਦਿੱਲੀ 'ਚ 5946, ਬੰਗਾਲ 'ਚ 5931, ਪੰਜਾਬ 'ਚ 3980 ਤੇ ਗੁਜਰਾਤ 'ਚ 3617 ਲੋਕਾਂ ਦੀ ਹੁਣ ਤਕ ਇਸ ਮਹਾਮਾਰੀ ਨਾਲ ਜਾਨ ਜਾ ਚੁੱਕੀ ਹੈ।