ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਘੱਟ ਨਹੀਂ ਰਹੀ। ਬੁੱਧਵਾਰ ਨੂੰ 98 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਦੂਜੀ ਵਾਰ ਇਕ ਦਿਨ 'ਚ ਸਭ ਤੋਂ ਵੱਧ ਨਵੇਂ ਕੇਸ ਮਿਲੇ ਹਨ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਸਭ ਤੋਂ ਵੱਧ ਇਕ ਲੱਖ ਚਾਰ ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ ਸਨ। ਹਾਲਾਂਕਿ ਬੀਤੇ 24 ਘੰਟਿਆਂ 'ਚ ਰਿਕਾਰਡ 85 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਵੀ ਮਿਲੀ ਹੈ ਜਦਕਿ ਇਸ ਦੌਰਾਨ 1,132 ਲੋਕਾਂ ਦੀ ਜਾਨ ਇਸ ਮਹਾਮਾਰੀ ਕਾਰਨ ਗਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਵੀ 10 ਲੱਖ ਨੂੰ ਪਾਰ ਕਰ ਗਈ ਹੈ।

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਦੇਰ ਰਾਤ ਤੋਂ ਹੁਣ ਤਕ 98,070 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਪੀੜਤਾਂ ਦਾ ਅੰਕੜਾ 51 ਲੱਖ, ਚਾਰ ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਕ ਦਿਨ ਪਹਿਲਾਂ ਹੀ ਕੁਲ ਮਾਮਲੇ 50 ਲੱਖ ਤੋਂ ਜ਼ਿਆਦਾ ਹੋਏ ਸਨ। 85,747 ਮਰੀਜ਼ ਸਿਹਤਮੰਦ ਵੀ ਹੋਏ ਹਨ ਤੇ ਹੁਣ ਤਕ ਕੋਰੋਨਾ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 40.11 ਲੱਖ ਤੋਂ ਵੱਧ ਹੋ ਗਈ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 78 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੀ 83,121 ਹੋ ਗਿਆ ਹੈ। ਪਹਿਲੀ ਵਾਰ ਸਰਗਰਮ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਵੱਧ ਹੋਈ ਹੈ।

----------

ਮਹਾਰਾਸ਼ਟਰ 'ਚ ਵਧੇ ਨਵੇਂ ਮਾਮਲੇ

ਮਹਾਰਾਸ਼ਟਰ 'ਚ ਦੋ ਦਿਨ ਬਾਅਦ ਮੁੜ ਤੋਂ ਨਵੇਂ ਮਾਮਲੇ ਵੱਧ ਗਏ ਹਨ। ਸੂਬੇ 'ਚ 23,365 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 11 ਲੱਖ 21 ਹਜ਼ਾਰ ਤੋਂ ਵੱਧ ਹੋ ਗਿਆ ਹੈ। 474 ਮੌਤਾਂ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 30,883 ਹੋ ਗਈ ਹੈ। ਹਾਲਾਂਕਿ 7.92 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ ਤੇ ਸਰਗਰਮ ਮਾਮਲੇ ਸਿਰਫ 2.97 ਲੱਖ ਹੀ ਰਹਿ ਗਏ ਹਨ। ਗੋਆ 'ਚ 628 ਨਵੇਂ ਮਾਮਲੇ ਮਿਲੇ ਹਨ ਤੇ ਚਾਰ ਲੋਕਾਂ ਦੀ ਜਾਨ ਗਈ ਹੈ। ਸੂਬੇ 'ਚ ਕੁਲ ਮਾਮਲੇ 26 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਤੇ ਹੁਣ ਤਕ 319 ਲੋਕਾਂ ਦੀ ਜਾਨ ਜਾ ਚੁੱਕੀ ਹੈ।