ਨਵੀਂ ਦਿੱਲੀ (ਏਜੰਸੀਆਂ) : ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 16,577 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 1,10,63,491 ਹੋ ਗਏ, ਜਿਨ੍ਹਾਂ ’ਚੋਂ 1,07,50,680 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।

ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 120 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,56,825 ਹੋ ਗਈ ਹੈ। ਦੇਸ਼ ’ਚ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੀ ਵਧ ਕੇ 1,55,985 ਹੋ ਗਈ, ਜਿਹੜੀ ਕੁਲ ਮਾਮਲਿਆਂ ਦਾ 1.41 ਫ਼ੀਸਦੀ ਹੈ।

24 ਘੰਟਿਆਂ ਦੌਰਾਨ ਜਿਨ੍ਹਾਂ 120 ਲੋਕਾਂ ਦੀ ਮੌਤ ਹੋਈ ਉਨ੍ਹਾਂ ’ਚ ਸਭ ਤੋਂ ਵੱਧ 56 ਲੋਕ ਮਹਾਰਾਸ਼ਟਰ ਦੇ ਸਨ। ਇਸ ਤੋਂ ਇਲਾਵਾ ਕੇਰਲ ਦੇ 14 ਤੇ ਪੰਜਾਬ ਦੇ 13 ਲੋਕਾਂ ਨੇ ਕੋਰੋਨਾ ਨਾਲ ਦਮ ਤੋੜਿਆ।

ਅੰਕੜਿਆਂ ਮੁਤਾਬਕ ਕੁਲ 1,07,50,680 ਲੋਕਾਂ ਦੇ ਇਨਫੈਕਸ਼ਨ ਮੁਕਤ ਹੋਣ ਦੇ ਨਾਲ ਹੀ ਦੇਸ਼ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 97.17 ਫ਼ੀਸਦੀ ਹੋ ਗਈ। ਉੱਥੇ ਹੀ ਕੋਰੋਨਾ ਨਾਲ ਮੌਤ ਦੀ ਦਰ 1.42 ਫ਼ੀਸਦੀ ਬਣੀ ਹੋਈ ਹੈ। ਦੇਸ਼ ’ਚ ਪਿਛਲੇ ਸਾਲ ਸੱਤ ਅਗਸਤ ਨੂੰ ਇਨਫੈਕਟਿਡ ਦੀ ਗਿਣਤੀ 20 ਲੱਖ, 16 ਸਤੰਬਰ ਨੂੰ 50 ਲੱਖ ਤੇ 19 ਦਸੰਬਰ ਨੂੰ ਇਕ ਕਰੋੜ ਦੇ ਪਾਰ ਚਲੇ ਗਏ ਸਨ।

ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਮੁਤਾਬਕ, ਦੇਸ਼ ’ਚ 25 ਫਰਵਰੀ ਤਕ 21,46,61,465 ਨਮੂਨਿਆਂ ਦੀ ਕੋਰੋਨਾ ਸਬੰਧੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 8ਸ31,807 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ।

1.34 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ

ਇਸ ਦੌਰਾਨ ਦੇਸ਼ ’ਚ ਕੁਲ 1.34 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਿਆ ਹੈ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਸਵੇਰੇ ਸੱਤ ਵਜੇ ਤਕ 2,78,915 ਸੈਸ਼ਨਾਂ ਰਾਹੀਂ 1,34,72,643 ਸਿਹਤ ਮੁਲਾਜ਼ਮਾਂ ਨੂੰ ਪਹਿਲੀ ਖ਼ੁਰਾਕ ਤੇ 20,32,994 ਸਿਹਤ ਮੁਲਾਜ਼ਮਾਂ ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉੱਥੇ ਹੀ ਅਗਲੇ ਮੋਰਚੇ ’ਤੇ ਤਾਇਨਾਤ 48, 18, 231 ਮੁਲਾਜ਼ਮਾਂ ਨੂੰ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਦੇਸ਼ ’ਚ 13 ਫਰਵਰੀ ਨੂੰ ਟੀਕੇ ਦੀ ਦੂਜੀ ਖ਼ੁਰਾਕ ਦੇਣੀ ਸ਼ੁਰੂ ਕੀਤੀ ਗਈ ਸੀ। ਪਹਿਲੀ ਖ਼ੁਰਾਕ ਦੇਣ ਦੇ 28 ਦਿਨ ਬਾਅਦ ਦੂਜੀ ਖ਼ੁਰਾਕ ਦਿੱਤੀ ਜਾਂਦੀ ਹੈ। ਅਗਲੇ ਮੋਰਚੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਦੋ ਫਰਵਰੀ ਤੋਂ ਟੀਕੇ ਲੱਗਣੇ ਸ਼ੁਰੂ ਹੋਏ ਸਨ। ਹੁਣ ਤਕ ਹੋਏ ਟੀਕਾਕਰਨ ’ਚ ਨੌਂ ਸੂਬਿਆਂ ਤੇ ਕੇਂਦਰ ਸ਼ਾਸਤ ਸੂਬਿਆਂ ’ਚ 60 ਫ਼ੀਸਦੀ ਤੋਂ ਘੱਟ ਟੀਕਾਕਰਨ ਹੋਇਆ ਹੈ।

Posted By: Susheel Khanna