ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਨਵੇਂ ਇਲਾਕਿਆਂ 'ਚ ਫੈਲ ਗਿਆ ਹੈ ਪਰ ਕੁਲ ਮਾਮਲਿਆਂ ਦੇ 82 ਫ਼ੀਸਦੀ ਮਾਮਲੇ ਹਾਲੇ ਵੀ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਕ ਸੀਮਤ ਹਨ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੁਲ ਮਾਮਲਿਆਂ ਦੇ 66 ਫ਼ੀਸਦੀ ਮਾਮਲੇ 50 ਜ਼ਿਲਿ੍ਹਆਂ 'ਚ ਹਨ ਤੇ ਕੋਵਿਡ-19 ਦੇ ਮਾਮਲਿਆਂ ਦੀ ਮੌਤ ਦਰ ਵੀ ਘਟ ਕੇ 2.10 ਫ਼ੀਸਦੀ ਰਹਿ ਗਈ ਹੈ ਜੋ 25 ਮਾਰਚ ਨੂੰ ਲਾਗੂ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਹੈ। ਕੋਵਿਡ-19 ਨਾਲ ਮਰਨ ਵਾਲਿਆਂ 'ਚ 68 ਫ਼ੀਸਦੀ ਮਰਦ ਤੇ 32 ਫ਼ੀਸਦੀ ਮਹਿਲਾ ਮਰੀਜ਼ ਹਨ। ਉਮਰ ਦੇ ਲਿਹਾਜ਼ ਨਾਲ ਦੇਖੀਏ ਤਾਂ ਮਰਨ ਵਾਲੇ 50 ਫ਼ੀਸਦੀ 60 ਸਾਲ ਤੋਂ ਜ਼ਿਆਦਾ ਉਮਰ, 37 ਫ਼ੀਸਦੀ 45 ਤੋਂ 60 ਸਾਲ ਉਮਰ ਵਰਗ ਤੇ 11 ਫ਼ੀਸਦੀ 26 ਤੋਂ 44 ਸਾਲ ਉਮਰ ਵਰਗ ਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਹੋ ਚੁੱਕੇ 12.30 ਲੱਖ ਲੋਕ ਕੋਵਿਡ-19 ਦੇ ਸਰਗਰਮ ਮਾਮਲਿਆਂ ਦੇ ਮੁਕਾਬਲੇ ਦੁੱਗਣੇ ਹਨ। ਭੂਸ਼ਣ ਨੇ ਦੱਸਿਆ ਕਿ 28 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਤੀ 10 ਲੱਖ ਆਬਾਦੀ 'ਤੇ ਹਰੇਕ ਦਿਨ 140 ਤੋਂ ਜ਼ਿਆਦਾ ਕੋਵਿਡ-19 ਦੇ ਟੈਸਟ ਕਰ ਰਹੇ ਹਨ। ਬਿਮਾਰੀ ਦਾ ਪਤਾ ਲਾਉਣ ਲਈ ਭਾਰਤ ਪ੍ਰਤੀ 10 ਲੱਖ ਦੀ ਆਬਾਦੀ 'ਤੇ 479 ਟੈਸਟ ਕਰ ਰਿਹਾ ਹੈ। ਇਨ੍ਹਾਂ ਸੂਬਿਆਂ 'ਚ ਪਾਜ਼ੀਵਿਟੀ ਦਰ 10 ਫ਼ੀਸਦੀ ਤੋਂ ਘੱਟ ਹੈ ਜਦਕਿ ਭਾਰਤ ਦੀ ਪਾਜ਼ੀਵਿਟੀ ਦਰ 8.89 ਫ਼ੀਸਦੀ ਹੈ।