ਜੇਐੱਨਐੱਨ, ਨਵੀਂ ਦਿੱਲੀ : ਚੀਨ 'ਚ ਪਾਏ ਗਏ ਕੋਰੋਨਾ ਵਾਇਰਸ ਦਾ ਕਹਿਰ ਹੁਣ ਦੁਨੀਆ ਭਰ 'ਚ ਫੈਲ ਚੁੱਕਾ ਹੈ। ਵਿਗਿਆਨੀ ਇਸ ਨਾਲ ਨਜਿੱਠਣ ਲਈ ਟੀਕੇ ਦੀ ਖੋਜ ਕਰ ਰਹੇ ਹਨ ਤਾਂ ਡਾਕਟਰ ਬਚਾਅ ਦੀ ਸਲਾਹ ਦੇ ਰਹੇ ਹਨ। ਵਾਇਰਸ ਤੋਂ ਬਚਾਅ ਲਈ ਸਾਰਿਆਂ ਨੂੰ ਘਰੋਂ ਬਾਹਰ ਨਿਕਲਣ ਤੇ ਘਰ ਦੇ ਅੰਦਰ ਰਹਿਣ ਦੌਰਾਨ ਐੱਨ-95 (N95) ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਐੱਨ-95 ਮਾਸਕ ਦੀ ਡਿਮਾਂਡ ਇੰਨੀ ਵਧ ਗਈ ਹੈ ਕਿ ਕੰਪਨੀ ਨੂੰ ਆਪਣਾ ਉਤਪਾਦਨ ਦੁੱਗਣਾ ਕਰਨਾ ਪੈ ਗਿਆ ਹੈ। ਚੀਨ 'ਚ ਤਾਂ ਅਜਿਹੇ ਮਾਸਕ ਵਾਲੀਆਂ ਦੁਕਾਨਾਂ 'ਤੇ ਮਾਸਕ ਲੈਣ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਚੀਨ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਦੀ ਡਿਮਾਂਡ ਇੰਨੀ ਵਧ ਗਈ ਹੈ ਕਿ ਇਸ ਕਾਰਨ ਭਾਰਤ 'ਚ ਮਾਸਕ ਬਣਾਉਣ ਵਾਲੀ ਕੰਪਨੀ ਕੋਲ ਇਸ ਦੇ ਲਈ ਐਕਸਟ੍ਰਾ ਆਰਡਰ ਆ ਚੁੱਕੇ ਹਨ। ਭਾਰਤ 'ਚ N95 ਮਾਸਕ ਬਣਾਉਣ ਵਾਲੀ ਕੰਪਨੀ ਏਐੱਮ ਮੈਡੀਵੇਅਰ ਦੇ ਐੱਮਡੀ ਅਭਿਲਾਸ਼ ਨੇ ਦੱਸਿਆ ਕਿ ਸਾਨੂੰ ਭਾਰਤੀ ਐਕਸਪੋਰਟਰਜ਼ ਵੱਲੋਂ ਮਾਸਕ ਦੀ ਕਾਫ਼ੀ ਡਿਮਾਂਡ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੰਗ ਪੂਰੀ ਕਰਨ ਲਈ ਉਤਪਾਦਨ ਦੁੱਗਣਾ ਕਰ ਦਿੱਤਾ ਹੈ। ਉੱਥੇ ਹੀ ਆਰਡਰ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇੱਥੇ ਕੰਮ ਦੇ ਘੰਟਿਆਂ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ। ਇਸ ਦੀ ਲਪੇਟ 'ਚ ਆਉਣ ਵਾਲੇ ਨੂੰ ਠੰਢ-ਜ਼ੁਕਾਨ ਹੁੰਦਾ ਹੈ, ਉਸ ਤੋਂ ਬਾਅਦ ਸਰੀਰ ਦੇ ਅੰਦਰੂਨੀ ਅੰਗਾਂ 'ਚ ਸੋਜ਼ਿਸ਼ ਆ ਜਾਂਦੀ ਹੈ ਜਿਸ ਨਾਲ ਇਕ ਹਫ਼ਤੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਸਾਲ 2002-2003 'ਚ ਚੀਨ 'ਚ ਸਾਰਸ ਵਾਇਰਸ ਦਾ ਕਹਿਰ ਫੈਲਿਆ ਸੀ ਜਿਸ ਵਿਚ ਚੀਨ ਤੇ ਹਾਂਗਕਾਂਗ 'ਚ 650 ਲੋਕਾਂ ਦੀ ਮੌਤ ਹੋ ਗਈ ਸੀ, ਹੁਣ ਉੱਥੇ ਕੋਰੋਨਾ ਵਾਇਰਸ ਨਾਲ ਲਗਪਗ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੁਨੀਆ ਦੇ ਬਾਕੀ ਦੇਸ਼ਾਂ 'ਚ ਵੀ ਇਸ ਦੇ ਮਰੀਜ਼ ਪਾਏ ਜਾ ਰਹੇ ਹਨ।

Posted By: Seema Anand