ਜੇਐੱਨਐੱਨ, ਨਡਾਲਾ : ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਕਰੀਬ ਤਿੰਨ ਹਫ਼ਤੇ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਚਾਰ ਸੂਬਿਆਂ ਦੇ 14 ਕੇਸਾਂ ਵਿਚ ਮੁਲਜ਼ਮ ਇਕ ਜਾਅਲਸਾਜ਼ ਹਵਾਲਾਤੀ ਭੁੱਲਥ ਦੇ ਹਸਪਤਾਲ 'ਚੋਂ ਪਿਸ਼ਾਬ ਕਰਨ ਬਹਾਨੇ ਪੁਲਿਸ ਵਾਲਿਆਂ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਜੇਲ੍ਹ ਭੇਜਣ ਤੋਂ ਪਹਿਲਾਂ ਪੁਲਿਸ ਉਸ ਨੂੰ ਡਾਕਟਰੀ ਜਾਂਚ ਲਈ ਲਿਆਈ ਸੀ। ਪੁਲਿਸ ਹਿਰਾਸਤ ਵਿਚੋਂ ਭੱਜੇ ਹਵਾਲਾਤੀ ਨੂੰ 20 ਦਿਨ ਪਹਿਲਾਂ ਹੀ ਪੁਲਿਸ ਨੇ ਕਾਬੂ ਕੀਤਾ ਸੀ ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਦਾ ਜਲੰਧਰ ਵਿਚ ਇਲਾਜ ਚੱਲ ਰਿਹਾ ਸੀ। ਸੱਤ ਕੇਸਾਂ ਵਿਚ ਲੋੜੀਂਦਾ ਮੁਲਜ਼ਮ ਹਵਾਲਾਤੀ ਕੋਰੋਨਾ ਨੂੰ ਮਾਤ ਦੇਣ ਦੇ ਨਾਲ ਹੀ ਪੁਲਿਸ ਨੂੰ ਵੀ ਮਾਤ ਦੇ ਫ਼ਰਾਰ ਹੋ ਗਿਆ।

ਬੇਹੱਦ ਸ਼ਾਤਰ ਹਵਾਲਾਤੀ ਦੀ ਫ਼ਰਾਰੀ ਪਿੱਛੋਂ ਜਿੱਥੇ ਪੁਲਿਸ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਉੱਥੇ ਐੱਸਪੀ ਤੋਂ ਲੈ ਕੇ ਐੱਸਐੱਚਓ ਤਕ ਫ਼ਰਾਰੀ ਨੂੰ ਅਫ਼ਵਾਹ ਦੱਸਦਿਆਂ ਮਾਮਲਾ ਲੁਕਾਉਣ ਵਿਚ ਲੱਗੇ ਹੋਏ ਹਨ ਜਦਕਿ ਹਸਪਤਾਲ ਦੇ ਐੱਸਐੱਚਓ ਹਵਾਲਾਤੀ ਦੇ ਫ਼ਰਾਰ ਹੋਣ ਦੀ ਗੱਲ ਕਹਿ ਰਹੇ ਹਨ। ਉਕਤ ਸ਼ਾਤਰ ਅਪਰਾਧੀ ਦੀ ਪਛਾਣ ਧਰਮਿੰਦਰ ਪੁੱਤਰ ਰਾਮਪਾਲ ਨਿਵਾਸੀ ਆਲਮਪੁਰ ਬੱਕਾ, ਥਾਣਾ ਕਰਤਾਰਪੁਰ ਉਰਫ਼ ਪਰਮਿੰਦਰਪਾਲ ਪੁੱਤਰ ਰਾਮਪਾਲ ਹਾਲ ਨਿਵਾਸੀ ਥਾਣਾ ਭੋਗਪੁਰ ਉਰਫ਼ ਸੁਰਜੀਤ ਪੁੱਤਰ ਸ਼ਿੰਗਾਰਾ ਰਾਮ ਉਰਫ ਛਾਗਾ ਨਿਵਾਸੀ ਬਾਲਾ ਜੀ ਰੈਜ਼ੀਡੈਂਸੀ ਅਡਾਈ ਤਲ ਪੈਨਵੈਲ ਜ਼ਿਲ੍ਹਾ ਰਾਏਗੜ੍ਹ ਮਹਾਰਾਸ਼ਟਰ ਵਜੋਂ ਹੋਈ ਹੈ ਜੋ ਬੁੱਧਵਾਰ ਨੂੰ 20 ਦਿਨਾਂ ਬਾਅਦ ਮੁੜ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ 9 ਜੂਨ ਨੂੰ ਗਿ੍ਫ਼ਤਾਰੀ ਤੋਂ ਬਾਅਦ ਕੁਝ ਦਿਨ ਬਾਅਦ 12 ਜੂਨ ਨੂੰ ਉਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਸ ਦਾ ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲਦਾ ਰਿਹਾ ਤੇ 14 ਦਿਨ ਬਾਅਦ ਉਸ ਦੀ ਰਿਪੋਰਟ ਨੈਗੇਟਿਵ ਆਉਣ ਪਿੱਛੋਂ ਆਈਸੋਲੇਸ਼ਨ ਸੈਂਟਰ ਵਿਚੋਂ ਉਸ ਨੂੰ ਵਾਪਸ ਜੇਲ੍ਹ ਭੇਜਣ ਤੋਂ ਪਹਿਲਾਂ ਭੁਲੱਥ ਪੁਲਿਸ ਉਸ ਨੂੰ ਹਸਪਤਾਲ 'ਚ ਡਾਕਟਰੀ ਜਾਂਚ ਕਰਵਾਉਣ ਲਈ ਲਿਆਈ ਸੀ। ਇਸ ਦੌਰਾਨ ਉਹ ਪਿਸ਼ਾਬ ਕਰਨ ਗ਼ੁਸਲਖ਼ਾਨੇ ਗਿਆ ਤੇ ਸ਼ੀਸ਼ਾ ਤੋੜ ਕੇ ਫ਼ਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦਿਆਂ

ਐੱਸਐੱਮਓ ਦੇਸ ਰਾਜ ਭਾਰਤੀ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਦੀ ਸਿਹਤ ਜਾਂਚ ਲਈ ਉਸ ਨੂੰ ਇੱਥੇ ਲਿਆਈ ਸੀ ਪਰ ਉਹ ਹਸਪਤਾਲ ਸਟਾਫ ਤੇ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਉਧਰ ਪੁਲਿਸ ਦਾ ਕੋਈ ਸੀਨੀਅਰ ਅਧਿਕਾਰੀ ਹਵਾਲਾਤੀ ਦੇ ਫ਼ਰਾਰ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਕਰ ਰਿਹਾ।

--------------------------------