ਨਵੀਂ ਦਿੱਲੀ (ਪੀਟੀਆਈ) : ਦੁਨੀਆ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ 'ਚ ਸਾਡੇ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਤੇਜ਼ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਸਿਰਫ਼ ਛੇ ਦਿਨਾਂ ਅੰਦਰ 10 ਲੱਖ ਲੋਕਾਂ ਨੂੰ ਕੋਰੋਨਾ ਦੇ ਟੀਕੇ ਲੱਗੇ ਹਨ। ਇਹ ਇਕ ਅਜਿਹਾ ਅੰਕੜਾ ਹੈ ਜਿਸ ਨੇ ਅਮਰੀਕਾ ਤੇ ਬਰਤਾਨੀਆ ਵਰਗੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਮੰਤਰਾਲੇ ਅਨੁਸਾਰ ਦੇਸ਼ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਕਰੀਬ 16 ਲੱਖ ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ 10 ਲੱਖ ਦਾ ਅੰਕੜਾ ਪਾਰ ਕਰਨ ਵਿਚ ਬਰਤਾਨੀਆ ਨੂੰ 18 ਦਿਨ ਤੇ ਅਮਰੀਕਾ ਨੂੰ 10 ਦਿਨ ਦਾ ਸਮਾਂ ਲੱਗਾ।

ਮੰਤਰਾਲੇ ਨੇ ਦੱਸਿਆ ਕਿ 24 ਜਨਵਰੀ ਸਵੇਰੇ ਅੱਠ ਵਜੇ ਤਕ ਕਰੀਬ 16 ਲੱਖ (15, 82,201) ਲਾਭਪਾਤਰੀਆਂ ਨੂੰ ਟੀਕੇ ਲੱਗੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ 3512 ਸੈਸ਼ਨਾਂ ਵਿਚ ਕਰੀਬ ਦੋ ਲੱਖ (1,91,609) ਲੋਕਾਂ ਨੂੰ ਟੀਕੇ ਲੱਗੇ। ਉਧਰ ਹੁਣ ਤਕ ਟੀਕਾਕਰਨ ਲਈ 27,920 ਸੈਸ਼ਨ ਕੀਤੇ ਜਾ ਚੁੱਕੇ ਹਨ।

ਸਿਹਤ ਮਾਹਿਰਾਂ ਨੇ ਟੀਕੇ ਲਵਾਉਣ ਦੀ ਕੀਤੀ ਵਕਾਲਤ

ਦੇਸ਼ ਵਿਚ ਹੁਣ ਤਕ ਟੀਕੇ ਨੂੰ ਲੈ ਕੇ ਅਜਿਹੀ ਬਹਿਸ ਨਹੀਂ ਚੱਲੀ ਸੀ ਜਿਹੋ ਜਿਹੀ ਬਹਿਸ ਕੋਰੋਨਾ ਵੈਕਸੀਨ ਨੂੰ ਲੈ ਕੇ ਚੱਲ ਰਹੀ ਹੈ। ਟੀਕਾ ਲਵਾਉਣਾ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ ਸੀ। ਸਿਹਤ ਦੇ ਖੇਤਰ ਨਾਲ ਜੁੜੇ ਮਾਹਿਰਾਂ ਦੀ ਮੰਨੀਏ ਤਾਂ ਟੀਕੇ ਲਵਾਉਣੇ ਜ਼ਰੂਰੀ ਹਨ। ਵਿਸ਼ਵ ਸਿਹਤ ਸੰਗਠਨ, ਯੂਨੀਸੈੱਫ ਤੇ ਸੰਯੁਕਤ ਰਾਸ਼ਟਰ ਵੀ ਟੀਕੇ ਦਾ ਸਮਰਥਨ ਕਰਦੇ ਹਨ। ਫੋਰਟਿਸ ਹਸਪਤਾਲ ਦੇ ਡਾਕਟਰ ਸੰਜੇ ਸ਼ਾਹ ਕਹਿੰਦੇ ਹਨ ਕਿ ਭਾਰਤ ਵਰਗੇ ਦੇਸ਼ ਵਿਚ ਕੁਦਰਤੀ ਤਰੀਕੇ ਨਾਲ ਸਾਰੇ ਲੋਕਾਂ ਵਿਚ ਇਮਿਊਨਿਟੀ ਦਾ ਵਿਕਾਸ ਅਸੰਭਵ ਹੈ।

ਇਸ ਲਈ ਆਪਣੇ ਦੇਸ਼ ਲਈ ਇਮਿਊਨਿਟੀ ਵਧਾਉਣ ਲਈ ਦੋਵੇਂ ਤਰੀਕੇ ਜ਼ਰੂਰੀ ਹਨ। ਸਾਨੂੰ ਇਮਿਊਨਿਟੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੀ ਵੈਕਸੀਨ ਵੀ ਚਾਹੀਦੀ ਹੈ ਅਤੇ ਕੁਦਰਤੀ ਤਰੀਕੇ ਨਾਲ ਇਮਿਊਨਿਟੀ ਮਜ਼ਬੂਤ ਹੋਣੀ ਚਾਹੀਦੀ ਹੈ। ਡਾ. ਸ਼ਾਹ ਦਾ ਕਹਿਣਾ ਹੈ ਕਿ ਕਿਸੇ ਵੀ ਮਹਾਮਾਰੀ ਨੂੰ ਰੋਕਣ ਲਈ ਪੂਰੀ ਆਬਾਦੀ ਦੇ 70 ਫ਼ੀਸਦੀ ਲੋਕਾਂ ਵਿਚ ਇਮਿਊਨਿਟੀ ਮਜ਼ਬੂਤ ਹੋਣੀ ਚਾਹੀਦੀ ਹੈ। ਸਿਰਫ਼ ਕੁਦਰਤੀ ਤਰੀਕੇ ਨਾਲ ਅਜਿਹੀ ਸੰਭਵ ਨਹੀਂ ਹੈ।